ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਮੈਡੀਕਲ ਦੁਭਾਸ਼ੀਆਂ ਨਾਲ ਕੰਮ ਕਰਨਾ: ਸਿਹਤ ਸੇਵਾ ਪ੍ਰਦਾਤਾਵਾਂ ਲਈ ਮਾਰਗਦਰਸ਼ਿਕਾ

ਸ਼੍ਰੇਣੀ ਕਲੀਨੀਸ਼ੀਅਨ/HCP ਸਰੋਤ ਪ੍ਰਕਾਸ਼ਿਤ ਹੋਈ 22 ਜਨਵਰੀ 2026


ਉੱਚ-ਗੁਣਵੱਤਾ ਵਾਲੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਪ੍ਰਭਾਵਸ਼ਾਲੀ ਸੰਚਾਰ ਬੁਨਿਆਦੀ ਚੀਜ਼ ਹੈ। ਅੰਗਰੇਜ਼ੀ ਭਾਸ਼ਾ ਦੀ ਘੱਟ ਮੁਹਾਰਤ ਵਾਲੇ ਮਰੀਜ਼ਾਂ ਜਾਂ ਬੋਲੇ ਲੋਕਾਂ ਲਈ, ਪੇਸ਼ੇਵਰ ਦੁਭਾਸ਼ੀਏ (interpreters) ਡਾਕਟਰੀ ਕਰਮਚਾਰੀਆਂ ਅਤੇ ਮਰੀਜ਼ਾਂ ਦੇ ਵਿਚਕਾਰ ਸਹੀ, ਸਤਿਕਾਰਯੋਗ ਅਤੇ ਸੁਰੱਖਿਅਤ ਗੱਲਬਾਤ ਦੇ ਆਦਾਨ-ਪ੍ਰਦਾਨ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

NAATI-ਪ੍ਰਮਾਣਿਤ (NAATI-certified) ਦੁਭਾਸ਼ੀਆਂ ਨਾਲ ਕੰਮ ਕਿਉਂ ਕਰਨਾ ਚਾਹੀਦਾ ਹੈ?

NAATI-ਪ੍ਰਮਾਣਿਤ ਦੁਭਾਸ਼ੀਏ ਆਚਾਰ-ਸੰਹਿਤਾ (code of ethics) ਦੇ ਨਿਯਮਾਂ ਅਧੀਨ ਕੰਮ ਕਰਦੇ ਹਨ, ਅਤੇ ਗੁਪਤਤਾ, ਨਿਰਪੱਖਤਾ ਅਤੇ ਸ਼ੁੱਧਤਾ ਰੱਖਣ ਸਮੇਤ ਨੈਤਿਕ ਮਿਆਰਾਂ ਦੀ ਪਾਲਣਾ ਕਰਨ ਲਈ ਸਿਖਲਾਈ ਪ੍ਰਾਪਤ ਹੁੰਦੇ ਹਨ। ਪਰਿਵਾਰਕ ਮੈਂਬਰਾਂ ਜਾਂ ਦੋਭਾਸ਼ੀ ਸਟਾਫ਼ ਤੋਂ ਉਲਟ, ਉਨ੍ਹਾਂ ਦੀ ਭੂਮਿਕਾ ਭਾਵਨਾਤਮਕ ਸ਼ਮੂਲੀਅਤ ਤੋਂ ਬਿਨਾਂ ਗੁੰਝਲਦਾਰ ਡਾਕਟਰੀ ਮੁਹਾਰਤ ਵਾਲੀ ਸ਼ਬਦਾਵਲੀ ਅਤੇ ਸੰਵੇਦਨਸ਼ੀਲ ਗੱਲਬਾਤ ਦਾ ਪ੍ਰਬੰਧਨ ਕਰਨਾ ਹੈ।

NAATI-ਪ੍ਰਮਾਣਿਤ ਦੁਭਾਸ਼ੀਏ ਨਾਲ ਕੰਮ ਕਰਨਾ:

  • ਮਰੀਜ਼ ਦੀ ਸੁਰੱਖਿਆ ਅਤੇ ਸੂਚਿਤ ਸਹਿਮਤੀ ਨੂੰ ਵਧਾਉਂਦਾ ਹੈ
  • ਕਲੀਨਿਕਲ ਅਤੇ ਕਾਨੂੰਨੀ ਖ਼ਤਰੇ ਨੂੰ ਘਟਾਉਂਦਾ ਹੈ
  • ਕਲੀਨਿਕਲ ਗ਼ਲਤੀਆਂ ਅਤੇ ਗ਼ਲਤਫਹਿਮੀਆਂ ਹੋਣ ਨੂੰ ਘਟਾਉਂਦਾ ਹੈ
  • ਮਰੀਜ਼ਾਂ ਦੀ ਸੰਤੁਸ਼ਟੀ ਅਤੇ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਂਦਾ ਹੈ
  • ਸਿਹਤ ਸੇਵਾ ਅਤੇ ਭੇਦਭਾਵ-ਵਿਰੋਧੀ ਕਾਨੂੰਨਾਂ ਹੇਠ ਕਾਨੂੰਨੀ ਅਤੇ ਨੈਤਿਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ।

ਦੁਭਾਸ਼ੀਏ ਦੀ ਵਰਤੋਂ ਕਦੋਂ ਕਰਨੀ ਚਾਹੀਦੀ ਹੈ?

ਦੁਭਾਸ਼ੀਏ ਦੀ ਵਰਤੋਂ ਉਦੋਂ ਕਰਨੀ ਚਾਹੀਦੀ ਹੈ, ਜਦੋਂ:

  • ਮਰੀਜ਼ ਖੁਦ ਦੁਭਾਸ਼ੀਏ ਦੀ ਬੇਨਤੀ ਕਰੇ
  • ਮਰੀਜ਼ ਦੀ ਅੰਗਰੇਜ਼ੀ ਭਾਸ਼ਾ ਦੀ ਸਮਰੱਥਾ ਘੱਟ ਹੋਵੇ
  • ਮਰੀਜ਼ ਬੋਲਾ ਹੋਵੇ ਜਾਂ ਸੁਣਨ ਵਿੱਚ ਮੁਸ਼ਕਿਲ ਹੋਵੇ
  • ਜਟਿਲ, ਸੰਵੇਦਨਸ਼ੀਲ ਜਾਂ ਕਾਨੂੰਨੀ ਜਾਣਕਾਰੀ ਬਾਰੇ ਗੱਲਬਾਤ ਕੀਤੀ ਜਾ ਰਹੀ ਹੋਵੇ, ਖ਼ਾਸ ਕਰਕੇ ਸਹਿਮਤੀ ਮੰਗਣ ਵੇਲੇ।

ਤਣਾਅ-ਪੂਰਨ ਜਾਂ ਅਣਜਾਣ ਸਥਿਤੀਆਂ ਮਰੀਜ਼ ਦੀ ਗੱਲਬਾਤ ਕਰਨ ਦੀ ਸਮਰੱਥਾ ‘ਤੇ ਅਸਰ ਪਾ ਸਕਦੀਆਂ ਹਨ, ਭਾਵੇਂ ਉਹ ਆਮ ਤੌਰ ‘ਤੇ ਅੰਗਰੇਜ਼ੀ ਸਮਝ ਲੈਂਦਾ ਹੋਵੇ। ਬੱਚਿਆਂ, ਪਰਿਵਾਰਕ ਮੈਂਬਰਾਂ ਜਾਂ ਬਿਨਾਂ ਸਿਖਲਾਈ ਪ੍ਰਾਪਤ ਸਟਾਫ਼ ‘ਤੇ ਨਿਰਭਰ ਹੋਣ ਤੋਂ ਬਚੋ, ਖ਼ਾਸ ਕਰਕੇ ਜਦੋਂ ਗੱਲ ਮਾਨਸਿਕ ਸਿਹਤ, ਸਹਿਮਤੀ ਜਾਂ ਰੋਗ ਪਛਾਣ ਨਾਲ ਜੁੜੀ ਹੋਵੇ।

ਯਾਦ ਰੱਖੋ: ਦੁਭਾਸ਼ੀਆ ਗੱਲਬਾਤ ਵਿੱਚ ਸ਼ਾਮਲ ਸਾਰਿਆਂ ਲੋਕਾਂ ਲਈ ਹੁੰਦਾ ਹੈ, ਨਾ ਕਿ ਸਿਰਫ਼ ਘੱਟ ਅੰਗਰੇਜ਼ੀ ਮੁਹਾਰਤ ਰੱਖਣ ਵਾਲੇ ਵਿਅਕਤੀ ਲਈ। ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਮਰੀਜ਼ ਨਾਲ ਚੰਗੀ ਤਰ੍ਹਾਂ ਨਾਲ ਗੱਲਬਾਤ ਨਹੀਂ ਕਰ ਪਾ ਰਹੇ, ਤਾਂ ਤੁਹਾਨੂੰ ਦੁਭਾਸ਼ੀਏ ਨੂੰ ਬੁਲਾਉਣਾ ਚਾਹੀਦਾ ਹੈ।

ਦੁਭਾਸ਼ੀਏ ਨੂੰ ਬੁੱਕ ਕਰਨਾ

ਬਹੁਤ ਸਾਰੇ ਹਸਪਤਾਲਾਂ ਅਤੇ ਕਲੀਨਿਕਾਂ ਨੇ ਬੁਕਿੰਗ ਪ੍ਰਕਿਰਿਆਵਾਂ ਸਥਾਪਿਤ ਕੀਤੀਆਂ ਹੋਈਆਂ ਹਨ। ਆਪਣੀ ਸੰਸਥਾ ਦੀਆਂ ਪ੍ਰਕਿਰਿਆਵਾਂ ਦੀ ਸਮੀਖਿਆ ਕਰੋ ਅਤੇ ਢੁਕਵੀਂ ਭਾਸ਼ਾ ਵਿੱਚ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਜਿੰਨੀ ਜਲਦੀ ਹੋ ਸਕੇ ਪ੍ਰਬੰਧ ਕਰੋ।

ਦੁਭਾਸ਼ੀਆਂ ਨਾਲ ਕੰਮ ਕਰਨ ਬਾਰੇ NAATI ਦੀ ਮਾਰਗਦਰਸ਼ਿਕਾ ਵੀ ਪੜ੍ਹੋ, ਜਿਸ ਵਿੱਚ ਸਹੀ ਅਨੁਵਾਦ ਦੇ ਤਰੀਕੇ ਦੀ ਚੋਣ ਬਾਰੇ ਜਾਣਕਾਰੀ ਸ਼ਾਮਲ ਹੈ।

ਲੋੜੀਂਦੀ ਜਾਣਕਾਰੀ

ਦੁਭਾਸ਼ੀਏ ਨੂੰ ਬੁੱਕ ਕਰਨ ਲਈ, ਤੁਹਾਨੂੰ ਹੇਠਾਂ ਦਿੱਤੀ ਜਾਣਕਾਰੀ ਦੀ ਲੋੜ ਪਵੇਗੀ:

  • ਮਰੀਜ਼ ਦਾ ਨਾਮ (ਸੰਵੇਦਨਸ਼ੀਲ ਮਾਮਲਿਆਂ ਅਤੇ ਛੋਟੇ ਭਾਈਚਾਰਿਆਂ ਵਿੱਚ ਗੁਪਤਤਾ ਨੂੰ ਧਿਆਨ ਵਿੱਚ ਰੱਖੋ)
  • ਲੋੜੀਂਦੀ ਭਾਸ਼ਾ
  • ਬੁਕਿੰਗ ਦੀ ਮਿਤੀ, ਸਮਾਂ ਅਤੇ ਲੰਬਾਈ
  • ਐਪੋਇੰਟਮੈਂਟ ਅਤੇ ਗੱਲਬਾਤ ਦੀ ਕਿਸਮ
  • ਪਤਾ (ਜੇਕਰ ਐਪੋਇੰਟਮੈਂਟ ਰੂ-ਬ-ਰੂ/ਆਨਸਾਈਟ ਸੇਵਾਵਾਂ ਲਈ ਹੋਵੇ)
  • ਸਟਾਫ਼ ਮੈਂਬਰ ਦਾ ਨਾਮ ਅਤੇ ਸੰਪਰਕ ਵੇਰਵੇ

ਹੋਰ ਵਿਚਾਰਨ ਯੋਗ ਗੱਲਾਂ

  • ਦੁਭਾਸ਼ੀਏ ਦੀ ਸਹਾਇਤਾ ਨਾਲ ਹੋਣ ਵਾਲਾ ਸਲਾਹ-ਮਸ਼ਵਰਾ, ਦੁਭਾਸ਼ੀਏ ਤੋਂ ਬਿਨਾਂ ਹੋਣ ਵਾਲੇ ਸਲਾਹ-ਮਸ਼ਵਰੇ ਦੇ ਮੁਕਾਬਲੇ ਵੱਧ ਸਮਾਂ ਲੈ ਸਕਦਾ ਹੈ। ਬੁਕਿੰਗ ਕਰਦੇ ਸਮੇਂ ਇਸ ਗੱਲ ਨੂੰ ਧਿਆਨ ਵਿੱਚ ਰੱਖੋ।
  • ਮਰੀਜ਼ਾਂ ਤੋਂ ਦੁਭਾਸ਼ੀਏ ਦੇ ਕੇਵਲ ਔਰਤ ਜਾਂ ਮਰਦ ਹੋਣ ਸੰਬੰਧੀ ਪਸੰਦ ਬਾਰੇ ਪੁੱਛੋ।
  • ਕੁੱਝ ਮਰੀਜ਼ ਲਗਾਤਾਰ ਹੋਣ ਵਾਲੇ ਸਲਾਹ-ਮਸ਼ਵਰੇ ਲਈ ਹਰ ਵਾਰ ਇੱਕੋ ਦੁਭਾਸ਼ੀਆ ਹੋਣ ਨੂੰ ਤਰਜੀਹ ਦੇ ਸਕਦੇ ਹਨ।

ਸੈਸ਼ਨ ਤੋਂ ਪਹਿਲਾਂ

ਦੁਭਾਸ਼ੀਏ ਲਈ ਉਡੀਕ ਖੇਤਰ ਦਾ ਪ੍ਰਬੰਧ

ਜੇਕਰ ਸੰਭਵ ਹੋਵੇ, ਤਾਂ ਦੁਭਾਸ਼ੀਏ ਲਈ ਮਰੀਜ਼ ਤੋਂ ਵੱਖਰਾ ਕੋਈ ਨਿਰਧਾਰਤ ਉਡੀਕ ਖੇਤਰ ਪ੍ਰਦਾਨ ਕਰੋ। ਇਸ ਨਾਲ ਪੇਸ਼ਾਵਰ ਹੱਦਾਂ ਬਣੀਆਂ ਰਹਿੰਦੀਆਂ ਹਨ ਅਤੇ ਸਟਾਫ਼ ਲਈ ਸਲਾਹ-ਮਸ਼ਵਰੇ ਤੋਂ ਪਹਿਲਾਂ ਦੁਭਾਸ਼ੀਏ ਨੂੰ ਬ੍ਰੀਫ਼ ਕਰਨ ਲਈ ਢੁੱਕਵੀਂ ਥਾਂ ਮਿਲਦੀ ਹੈ।

ਦੁਭਾਸ਼ੀਏ ਨੂੰ ਬ੍ਰੀਫਿੰਗ (ਮੁੱਢਲੀ-ਜਾਣਕਾਰੀ) ਦੇਣਾ

ਦੁਭਾਸ਼ੀਏ ਨਾਲ ਆਪਣੀ ਜਾਣ-ਪਛਾਣ ਕਰਵਾਓ ਅਤੇ ਸਲਾਹ-ਮਸ਼ਵਰੇ ਤੋਂ ਪਹਿਲਾਂ ਉਸਨੂੰ ਬ੍ਰੀਫ਼ (ਮੁੱਢਲੀ ਜਾਣਕਾਰੀ) ਦਿਓ। ਸੰਬੰਧਿਤ ਪਿਛੋਕੜ ਜਾਣਕਾਰੀ ਅਤੇ ਗੱਲਬਾਤ ਕੀਤੇ ਜਾਣ ਵਾਲੇ ਵਿਸ਼ਿਆਂ ਨੂੰ ਸਾਂਝਾ ਕਰੋ, ਖ਼ਾਸ ਕਰਕੇ ਜੇਕਰ ਸੈਸ਼ਨ ਵਿੱਚ ਸੰਵੇਦਨਸ਼ੀਲ ਵਿਸ਼ੇ ਸ਼ਾਮਲ ਹੋਣ। ਇੱਕ ਵਿਸਥਾਰਪੂਰਕ ਬ੍ਰੀਫਿੰਗ ਦੁਭਾਸ਼ੀਏ ਨੂੰ ਪ੍ਰਭਾਵਸ਼ਾਲੀ ਸਲਾਹ-ਮਸ਼ਵਰੇ ਲਈ ਤਿਆਰ ਕਰਨ ਵਿੱਚ ਮਦਦ ਕਰਦੀ ਹੈ। ਦੁਭਾਸ਼ੀਏ ਨਾਲ ਕਿਵੇਂ ਕੰਮ ਕਰਨਾ ਹੈ, ਇਸ ਬਾਰੇ NAATI ਦਾ ਮਾਰਗਦਰਸ਼ਨ, ਜਿਸ ਵਿੱਚ ਬ੍ਰੀਫਿੰਗ ਵੀ ਸ਼ਾਮਲ ਹੈ, ਇੱਥੇ ਦੇਖੋ।

ਬੈਠਣ ਦਾ ਪ੍ਰਬੰਧ

ਰੂ-ਬ-ਰੂ ਮੌਜ਼ੂਦ ਹੋ ਕੇ ਹੋਣ ਵਾਲੀਆਂ ਐਪੋਇੰਟਮੈਂਟਾਂ ਲਈ: ਬੈਠਣ ਦਾ ਪ੍ਰਬੰਧ ਇਸ ਤਰ੍ਹਾਂ ਕਰੋ ਕਿ ਮਰੀਜ਼, ਦੁਭਾਸ਼ੀਆ ਅਤੇ ਡਾਕਟਰ ਤਿੰਨੋਂ ਮਿਲ ਕੇ ਇੱਕ ਤਿਕੋਣ ਬਣਾਉਣ। ਇਸ ਨਾਲ ਗੱਲਬਾਤ ਸਪੱਸ਼ਟ ਹੁੰਦੀ ਹੈ ਅਤੇ ਇਹ ਯਕੀਨੀ ਬਣਦਾ ਹੈ ਕਿ ਹਰ ਕੋਈ ਇਸ ਵਿੱਚ ਸ਼ਾਮਲ ਹੈ।

ਔਸਲਾਨ ਦੁਭਾਸ਼ੀਏ ਲਈ: ਦੁਭਾਸ਼ੀਆ ਨੂੰ ਸਿਹਤ ਸੇਵਾ ਪ੍ਰਦਾਤਾ ਦੇ ਕੋਲ ਅਤੇ ਮਰੀਜ਼ ਦੇ ਸਾਹਮਣੇ ਬੈਠਣਾ ਜਾਂ ਖੜ੍ਹਾ ਹੋਣਾ ਚਾਹੀਦਾ ਹੈ। ਇਸ ਨਾਲ ਬਹਿਰਾ ਮਰੀਜ਼ ਬੋਲਣ ਵਾਲੇ ਨਾਲ ਅੱਖਾਂ ਨਾਲ ਸੰਪਰਕ ਬਣਾਈ ਰੱਖ ਸਕਦਾ ਹੈ ਅਤੇ ਸਰੀਰਕ ਭਾਸ਼ਾ ਨੂੰ ਨੂੰ ਵੇਖ ਸਕਦਾ ਹੈ। ਲੰਬੇ ਸੈਸ਼ਨਾਂ ਲਈ, ਦੋ ਦੁਭਾਸ਼ੀਏ ਵਾਰੋਂ-ਵਾਰੀ ਕੰਮ ਕਰ ਸਕਦੇ ਹਨ।

ਰਿਮੋਟ ਇੰਟਰਪ੍ਰੇਟਿੰਗ ਲਈ: ਯਕੀਨੀ ਬਣਾਓ ਕਿ ਤੁਹਾਡੇ ਕੋਲ ਜ਼ਰੂਰੀ ਉਪਕਰਨ ਹਨ ਅਤੇ ਤੁਸੀਂ ਸਮਝਦੇ ਹੋ ਕਿ ਇਨ੍ਹਾਂ ਨੂੰ ਕਿਵੇਂ ਚਲਾਉਣਾ ਹੈ। ਟੈਲੀਫ਼ੋਨ ਦੁਭਾਸ਼ੀਆ ਸੇਵਾ ਲੈਂਡਲਾਈਨ ਅਤੇ ਸਪੀਕਰਫ਼ੋਨ ਸਮਰੱਥਾ ਨਾਲ ਸਭ ਤੋਂ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ।

ਸੈਸ਼ਨ ਦੇ ਦੌਰਾਨ

ਐਪੋਇੰਟਮੈਂਟ ਸ਼ੁਰੂ ਕਰਨਾ

ਐਪੋਇੰਟਮੈਂਟ ਦੀ ਸ਼ੁਰੂਆਤ ਮਰੀਜ਼ ਨਾਲ ਆਪਣੀ ਅਤੇ ਦੁਭਾਸ਼ੀਏ ਦੀ ਜਾਣ-ਪਛਾਣ ਕਰਵਾ ਕੇ ਕਰੋ। ਦੁਭਾਸ਼ੀਏ ਦੀ ਭੂਮਿਕਾ ਬਾਰੇ ਸਮਝਾਓ; ਕਿ ਉਹ ਗੱਲਬਾਤ ਕਰਨ ਨੂੰ ਆਸਾਨ ਬਣਾਉਂਦੇ ਹਨ ਅਤੇ ਆਪਣੇ ਕੋਲੋਂ ਜਾਣਕਾਰੀ ਜੋੜੇ ਬਗ਼ੈਰ ਜਾਂ ਛੱਡੇ ਬਗ਼ੈਰ ਜੋ ਵੀ ਕਿਹਾ ਗਿਆ ਹੈ ਉਸ ਨੂੰ ਬਿਲਕੁਲ ਸਹੀ ਤਰ੍ਹਾਂ ਦੂਜੀ ਭਾਸ਼ਾ ਵਿੱਚ ਪਹੁੰਚਾਉਂਦੇ ਹਨ। ਇਸ ਸੈਸ਼ਨ ਦੇ ਉਦੇਸ਼ ਬਾਰੇ ਦੱਸੋ ਅਤੇ ਮਰੀਜ਼ ਨੂੰ ਉਤਸ਼ਾਹਿਤ ਕਰੋ ਕਿ ਉਹ ਕਿਸੇ ਵੀ ਸਮੇਂ ਸਵਾਲ ਪੁੱਛ ਸਕਦਾ ਹੈ।

ਐਪੋਇੰਟਮੈਂਟ ਸਮਾਪਤ ਕਰਨਾ

ਸਮਝ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਕੀਤੇ ਗਏ ਮੁੱਖ ਨੁਕਤਿਆਂ ਦਾ ਸੰਖੇਪ ਸਾਰ ਦਿਓ। ਇਹ ਯਕੀਨੀ ਬਣਾਓ ਕਿ ਮਰੀਜ਼ ਦਿੱਤੀ ਗਈ ਜਾਣਕਾਰੀ ਨੂੰ ਸਹੀ ਤਰ੍ਹਾਂ ਸਮਝ ਚੁੱਕਾ ਹੈ ਅਤੇ ਅੰਤ ਵਿੱਚ ਮਰੀਜ਼ ਨੂੰ ਸਵਾਲ ਪੁੱਛਣ ਦਾ ਮੌਕਾ ਦਿਓ। ਪੇਸ਼ੇਵਰ ਹੱਦਾਂ ਨੂੰ ਬਰਕਰਾਰ ਰੱਖਣ ਲਈ, ਦੁਭਾਸ਼ੀਏ ਨੂੰ ਮਰੀਜ਼ ਤੋਂ ਵੱਖਰੇ ਤੌਰ ‘ਤੇ ਰਵਾਨਾ ਹੋਣ ਦਾ ਪ੍ਰਬੰਧ ਕਰੋ।

ਸੈਸ਼ਨ ਤੋਂ ਬਾਅਦ

ਖ਼ਾਸ ਕਰਕੇ ਗੁੰਝਲਦਾਰ ਐਪੋਇੰਟਮੈਂਟਾਂ ਤੋਂ ਬਾਅਦ, ਦੁਭਾਸ਼ੀਏ ਨੂੰ ਉਸ ਨਾਲ ਡੀਬ੍ਰੀਫ਼ਿੰਗ ਕਰਨ ਦਾ ਮੌਕਾ ਦਿਓ। ਇਸ ਨਾਲ ਕਿਸੇ ਵੀ ਸਮੱਸਿਆ, ਚੁਣੌਤੀ ਜਾਂ ਅਨੁਭਵ ਬਾਰੇ ਗੱਲਬਾਤ ਹੋ ਸਕਦੀ ਹੈ ਅਤੇ ਸਹਿਯੋਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਹ ਸਮਾਂ ਦੁਭਾਸ਼ੀਏ ਦੇ ਵਿਵਹਾਰ ਜਾਂ ਕੰਮਕਾਜ ਬਾਰੇ ਫੀਡਬੈਕ ਦੇਣ ਜਾਂ ਕਿਸੇ ਸਮੱਸਿਆ ਨੂੰ ਉਠਾਉਣ ਲਈ ਵੀ ਉਚਿਤ ਹੁੰਦਾ ਹੈ।

ਹੋਰ ਵਧੀਕ ਸਰੋਤ

ਵਧੇਰੇ ਜਾਣਕਾਰੀ ਲਈ, ਇੱਥੇ ਜਾਓ:

ਕੀ ਇਹ ਪੰਨਾ ਮਦਦਗਾਰ ਸੀ?(ਲਾਜ਼ਮੀ ਚਾਹੀਦਾ ਹੈ)

ਤੁਹਾਡੀ ਫੀਡਬੈਕ ਇਸ ਪੰਨੇ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ, NAATI ਇਸ ਫੀਡਬੈਕ ਦੀ ਵਰਤੋਂ ਸਾਡੀ ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ।

ਜੇਕਰ ਤੁਹਾਨੂੰ ਜਵਾਬ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਸੰਪਰਕਫਾਰਮ ਦੀ ਵਰਤੋਂ ਕਰੋ।

This site is registered on wpml.org as a development site. Switch to a production site key to remove this banner.