ਦੋਭਾਸ਼ੀ ਵਿਅਕਤੀ ਬਨਾਮ ਦੁਭਾਸ਼ੀਆ: ਕੀ ਫ਼ਰਕ ਹੈ?
ਸਾਰੇ ਦੁਭਾਸ਼ੀਏ ਦੋਭਾਸ਼ੀ ਵਿਅਕਤੀ ਹੁੰਦੇ ਹਨ, ਪਰ ਸਾਰੇ ਦੋਭਾਸ਼ੀ ਲੋਕ ਦੁਭਾਸ਼ੀਏ ਨਹੀਂ ਹੋ ਸਕਦੇ ਹਨ (interpreters)।
- ਦੁਭਾਸ਼ੀਆ ਇੱਕ ਦੋਭਾਸ਼ੀ ਸਿਖਲਾਈ ਪ੍ਰਾਪਤ ਪੇਸ਼ੇਵਰ ਹੁੰਦਾ ਹੈ, ਜਿਸ ਕੋਲ ਦੋਵਾਂ ਭਾਸ਼ਾਵਾਂ ਦੀ ਸੱਭਿਆਚਾਰਕ ਸਮਝ ਹੁੰਦੀ ਹੈ ਅਤੇ ਜੋ ਅਚਾਰ-ਸੰਹਿਤਾ ਦੇ ਅਧੀਨ ਕੰਮ ਕਰਦਾ ਹੈ। ਆਸਟ੍ਰੇਲੀਆ ਵਿੱਚ ਦੁਭਾਸ਼ੀਏ ਵਜੋਂ ਕੰਮ ਕਰਨ ਲਈ ਭਾਈਚਾਰਕ ਮਿਆਰ ਇਹ ਹੈ ਕਿ ਵਿਅਕਤੀ NAATI (NAATI-certified) ਵੱਲੋਂ ਪ੍ਰਮਾਣਿਤ ਹੋਵੇ।
- ਦੋਭਾਸ਼ੀ ਵਿਅਕਤੀ ਦੋ ਭਾਸ਼ਾਵਾਂ ਬੋਲ ਸਕਦਾ ਹੁੰਦਾ ਹੈ, ਪਰ ਉਸਨੇ ਦੁਭਾਸ਼ੀਏ ਵਜੋਂ ਸਿਖਲਾਈ ਪ੍ਰਾਪਤ ਨਹੀਂ ਕੀਤੀ ਹੁੰਦੀ ਅਤੇ ਨਾ ਹੀ ਉਹ ਅਚਾਰ-ਸੰਹਿਤਾ ਦੇ ਕਿਸੇ ਨਿਯਮ ਦੇ ਅਧੀਨ ਹੁੰਦਾ ਹੈ।
ਦੁਭਾਸ਼ੀਏ ਹੋਰਾਂ ਤੋਂ ਕਿਵੇਂ ਵੱਖਰੇ ਹੁੰਦੇ ਹਨ?
ਸਿਖਲਾਈ ਅਤੇ ਪ੍ਰਮਾਣੀਕਰਨ
ਦੁਭਾਸ਼ੀਏ ਨੂੰ ਪੇਸ਼ੇਵਰ ਤੌਰ ‘ਤੇ ਕੰਮ ਕਰਨ ਲਈ ਲੋੜੀਂਦੇ ਹੁਨਰਾਂ ਨੂੰ ਵਿਕਸਤ ਕਰਨ ਲਈ ਰਸਮੀ ਸਿਖਲਾਈ ਦੀ ਲੋੜ ਹੁੰਦੀ ਹੈ। NAATI ਦੁਭਾਸ਼ੀਏ ਨੂੰ ਪ੍ਰਮਾਣੀਕਰਨ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਹੁਨਰਾਂ ਅਤੇ ਤਜਰਬੇ ਦੀ ਜਾਂਚ ਕਰਦਾ ਹੈ, ਤਾਂ ਜੋ ਤੁਸੀਂ ਭਰੋਸਾ ਰੱਖ ਸਕੋ ਕਿ ਉਨ੍ਹਾਂ ਦੀਆਂ ਯੋਗਤਾਵਾਂ ਦਾ ਮੁਲਾਂਕਣ ਕੀਤਾ ਗਿਆ ਹੈ।
ਭਾਸ਼ਾ ਅਤੇ ਸੰਚਾਰ ਕਰਨ ਦੇ ਹੁਨਰ
NAATI ਇਹ ਯਕੀਨੀ ਬਣਾਉਣ ਲਈ ਕਈ ਤਰ੍ਹਾਂ ਦੇ ਹੁਨਰਾਂ ਦਾ ਮੁਲਾਂਕਣ ਕਰਦਾ ਹੈ ਕਿ ਦੁਭਾਸ਼ੀਏ ਸਹੀ ਅਤੇ ਪੇਸ਼ੇਵਰ ਹਨ। ਇਸ ਵਿੱਚ ਭਾਸ਼ਾ ‘ਤੇ ਪਕੜ, ਯਾਦਦਾਸ਼ਤ, ਸਪੱਸ਼ਟਤਾ ਲਈ ਸਵਾਲ ਪੁੱਛਣ ਦੀ ਸਮਰੱਥਾ, ਇਕੋ ਸਮੇਂ ਬੋਲ ਰਹੇ ਲੋਕਾਂ ਦੀ ਗੱਲਬਾਤ ਨਾਲ ਨਜਿੱਠਣ ਦੀ ਯੋਗਤਾ, ਬੋਲਣ ਵਾਲੇ ਦੇ ਲਹਿਜ਼ੇ ਅਤੇ ਅੰਦਾਜ਼ ਨਾਲ ਮੇਲ ਕਰਨ ਦੀ ਯੋਗਤਾ ਆਦਿ ਸ਼ਾਮਲ ਹਨ। ਦੁਭਾਸ਼ੀਏ ਕਹੀ ਜਾ ਰਹੀ ਗੱਲ ਵਿੱਚ ਸੱਭਿਆਚਾਰਕ ਅਰਥਾਂ ਦੀ ਪਛਾਣ ਕਰਨ ਵਿੱਚ ਮਾਹਰ ਹੁੰਦੇ ਹਨ ਅਤੇ ਉਨ੍ਹਾਂ ਦਾ ਦੂਜੀ ਭਾਸ਼ਾ ਵਿੱਚ ਚੰਗੀ ਤਰ੍ਹਾਂ ਸੰਚਾਰ ਕਰਦੇ ਹਨ।
ਪੇਸ਼ੇਵਰ ਵਿਵਹਾਰ
ਦੁਭਾਸ਼ੀਏ ਨੌਂ ਮਾਰਗਦਰਸ਼ਕ ਸਿਧਾਂਤਾਂ ਵਾਲੀ ਆਚਾਰ-ਸੰਹਿਤਾ ਦੀ ਪਾਲਣਾ ਕਰਦੇ ਹਨ। ਉਦਾਹਰਨ ਵਜੋਂ, ਦੁਭਾਸ਼ੀਏ ਦਾ ਸਹੀ, ਨਿਰਪੱਖ ਅਤੇ ਗੱਲ ਨੂੰ ਗੁਪਤ ਰੱਖਣਾ ਲਾਜ਼ਮੀ ਹੈ। ਉਹ ਸਹਿਮਤੀ ਤੋਂ ਬਿਨਾਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰਦੇ (ਜਦੋਂ ਤੱਕ ਕਾਨੂੰਨ ਦੁਆਰਾ ਅਜਿਹਾ ਕਰਨ ਦੀ ਲੋੜ ਨਾ ਹੋਵੇ)। ਉਹ ਆਪਣੇ ਕੰਮ ਵਿੱਚ ਨੈਤਿਕ ਦੁਬਿਧਾਵਾਂ ਨਾਲ ਨਜਿੱਠਣ ਵਿੱਚ ਵੀ ਮਾਹਰ ਹੁੰਦੇ ਹਨ।
ਮਾਹਰ ਗਿਆਨ
ਕਈ ਦੁਭਾਸ਼ੀਏ ਕਾਨੂੰਨੀ ਜਾਂ ਸਿਹਤ ਸੰਭਾਲ ਵਰਗੇ ਮਾਹਰ ਖੇਤਰਾਂ ‘ਤੇ ਧਿਆਨ-ਕੇਂਦ੍ਰਿਤ ਕਰਦੇ ਹਨ। ਇਸ ਨਾਲ ਉਹ ਮਾਹਰ ਸ਼ਬਦਾਵਲੀ ਅਤੇ ਸਥਿਤੀਆਂ ਦੀ ਡੂੰਘੀ ਸਮਝ ਵਿਕਸਿਤ ਕਰਦੇ ਹਨ, ਜੋ ਸਹੀ ਦੁਭਾਸ਼ੀਆ ਸੇਵਾ ਲਈ ਬਹੁਤ ਜ਼ਰੂਰੀ ਹੁੰਦੀ ਹੈ। NAATI ਕੁੱਝ ਭਾਸ਼ਾਵਾਂ ਵਿੱਚ ਵਿਸ਼ੇਸ਼ ਪ੍ਰਮਾਣਿਤ ਦੁਭਾਸ਼ੀਏ (Certified Specialist Interpreter) ਦੀ ਪ੍ਰਮਾਣਿਕਤਾ ਵੀ ਪ੍ਰਦਾਨ ਕਰਦੀ ਹੈ, ਜੋ ਖ਼ਾਸ ਤੌਰ ‘ਤੇ ਸਿਹਤ ਜਾਂ ਕਾਨੂੰਨੀ ਖੇਤਰਾਂ ਵਿੱਚ ਉੱਚ ਪੱਧਰੀ ਮਹਾਰਤ ਰੱਖਣ ਵਾਲੇ ਦੁਭਾਸ਼ੀਆਂ ਲਈ ਹੁੰਦੀ ਹੈ।
ਅਨੁਵਾਦ ਲਈ ਦੁਭਾਸ਼ੀਏ ਵਜੋਂ ਵਰਤੇ ਗਏ ਦੋਭਾਸ਼ੀ ਵਿਅਕਤੀ
ਹੁਨਰਾਂ ਦੀ ਘਾਟ
ਇੱਕ ਦੋਭਾਸ਼ੀ ਵਿਅਕਤੀ ਦੋ ਭਾਸ਼ਾਵਾਂ ਵਧੀਆ ਰਵਾਨਗੀ ਨਾਲ ਬੋਲਦਾ ਹੋ ਸਕਦਾ ਹੈ, ਪਰ ਉਹਨਾਂ ਵਿੱਚ ਅਰਥ ਨੂੰ ਇੱਕ ਭਾਸ਼ਾ ਤੋਂ ਦੂਜੀ ਵਿੱਚ ਸਹੀ ਤਰ੍ਹਾਂ ਪਹੁੰਚਾਉਣ ਦੇ ਹੁਨਰ ਸ਼ਾਇਦ ਨਾ ਹੋਣ। ਉਹ ਸਪੱਸ਼ਟਤਾ ਲਈ ਸਵਾਲ ਪੁੱਛਣ ਵਿੱਚ ਹਿਚਕਚਾਹਟ ਮਹਿਸੂਸ ਕਰ ਸਕਦੇ ਹਨ ਜਾਂ ਉਨ੍ਹਾਂ ਕੋਲ ਨੋਟ ਲੈਣ ਵਰਗੇ ਅਹਿਮ ਹੁਨਰਾਂ ਦਾ ਤਜਰਬਾ ਨਾ ਹੋਵੇ—ਖ਼ਾਸ ਕਰਕੇ ਜਦੋਂ ਜਾਣਕਾਰੀ ਗੁੰਝਲਦਾਰ ਹੋਵੇ। ਉਹਨਾਂ ਕੋਲ ਰਸਮੀ ਜਾਂ ਗੁੰਝਲਦਾਰ ਸਥਿਤੀਆਂ ਲਈ ਸ਼ਬਦਾਵਲੀ ਦੀ ਘਾਟ ਹੋ ਸਕਦੀ ਹੈ।
ਗ਼ਲਤ ਜਾਣਕਾਰੀ ਸੰਚਾਰ ਕਰਨ ਦਾ ਖ਼ਤਰਾ
ਕਾਨੂੰਨੀ, ਮੈਡੀਕਲ ਜਾਂ ਹੋਰ ਸੰਵੇਦਨਸ਼ੀਲ ਸਥਿਤੀਆਂ ਵਿੱਚ ਬਿਨਾਂ ਸਿਖਲਾਈ ਪ੍ਰਾਪਤ ਦੋਭਾਸ਼ੀ ਲੋਕਾਂ ਤੋਂ ਦੁਭਾਸ਼ੀਆ ਸੇਵਾ ਲੈਣ ਨਾਲ ਗੰਭੀਰ ਗ਼ਲਤੀਆਂ ਹੋ ਸਕਦੀਆਂ ਹਨ। ਇਸ ਨਾਲ ਰੋਗ ਦੀ ਗ਼ਲਤ ਪਛਾਣ, ਕਾਨੂੰਨੀ ਅਧਿਕਾਰਾਂ ਬਾਰੇ ਗ਼ਲਤਫਹਿਮੀ, ਸਹਿਮਤੀ ਨਾਲ ਸੰਬੰਧਿਤ ਸਮੱਸਿਆਵਾਂ ਜਾਂ ਗੁਪਤਤਾ ਦੀ ਉਲੰਘਣਾ ਵਰਗੇ ਨਤੀਜੇ ਨਿਕਲ ਸਕਦੇ ਹਨ।
ਯੋਗਤਾ ਦੀ ਜਾਂਚ ਨਾ ਹੋਈ ਹੋਣਾ
ਉਨ੍ਹਾਂ ਦੇ ਭਾਸ਼ਾ ਅਤੇ ਵਿਆਖਿਆ ਕਰਨ ਦੇ ਹੁਨਰਾਂ ਦਾ ਨਿਰਪੱਖ ਤੌਰ ‘ਤੇ ਮੁਲਾਂਕਣ ਨਹੀਂ ਕੀਤਾ ਗਿਆ ਹੁੰਦਾ ਹੈ।
ਪਰਿਵਾਰਕ ਮੈਂਬਰਾਂ ਨੂੰ ਦੁਭਾਸ਼ੀਏ ਵਜੋਂ ਵਰਤਣਾ
ਪਰਿਵਾਰਕ ਮੈਂਬਰਾਂ ਨੂੰ ਦੁਭਾਸ਼ੀਆ ਵਜੋਂ ਵਰਤਣ ਨਾਲ ਹੋਰ ਵੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ:
- ਉਹ ਸ਼ਬਦਾਵਲੀ ਦੀ ਘਾਟ ਕਾਰਨ ਜਾਂ ਭਾਵਨਾਤਮਕ, ਸੱਭਿਆਚਾਰਕ ਜਾਂ ਨਿੱਜੀ ਕਾਰਨਾਂ ਕਰਕੇ ਜਾਣਕਾਰੀ ਜੋੜ ਕੇ ਜਾਂ ਹਟਾ ਕੇ ਖ਼ਤਰਨਾਕ ਗ਼ਲਤੀਆਂ ਕਰ ਸਕਦੇ ਹਨ
- ਉਹ ਘਟਨਾਵਾਂ ਦੇ ਆਪਣੇ ਰੂਪ ਨੂੰ ਦੱਸ ਸਕਦੇ ਹਨ
- ਸ਼ਾਮਲ ਲੋਕ ਗੁਪਤਤਾ ਕਾਰਨਾਂ ਕਰਕੇ ਸ਼ਾਇਦ ਸਾਰੀ ਸੰਬੰਧਿਤ ਜਾਣਕਾਰੀ ਸਾਂਝੀ ਨਾ ਕਰ ਸਕਣ
- ਇਹ ਪਰਿਵਾਰਕ ਮੈਂਬਰ ਲਈ ਤਣਾਅ ਅਤੇ ਸਦਮੇ ਦਾ ਕਾਰਨ ਬਣ ਸਕਦਾ ਹੈ।
18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਦੁਭਾਸ਼ੀਏ ਵਜੋਂ ਅਨੁਵਾਦ ਕਰਨ ਲਈ ਨਹੀਂ ਕਹਿਣਾ ਚਾਹੀਦਾ ਹੈ। ਪੇਸ਼ੇਵਰ ਦੁਭਾਸ਼ੀਏ ਦੀ ਸੇਵਾ ਲੈਣ ਨਾਲ ਪਰਿਵਾਰਕ ਮੈਂਬਰ ਭਾਵਨਾਤਮਕ ਸਹਾਰਾ ਦੇਣ ਅਤੇ ਸਵਾਲ ਪੁੱਛਣ ‘ਤੇ ਧਿਆਨ-ਕੇਂਦਰਿਤ ਕਰ ਸਕਦੇ ਹਨ।
ਦੋਭਾਸ਼ੀ ਵਿਅਕਤੀ ਕਿਸ ਸਥਿਤੀ ਵਿੱਚ ਵਧੀਆ ਹੁੰਦੇ ਹਨ
ਜਦੋਂ ਗੱਲਬਾਤ ਕੀਤੀ ਜਾਣ ਵਾਲੀ ਜਾਣਕਾਰੀ ਵਿੱਚ ਖ਼ਤਰਾ ਘੱਟ ਹੋਵੇ ਅਤੇ ਸ਼ੁੱਧਤਾ ਹੋਣੀ ਲਾਜ਼ਮੀ ਨਾ ਹੋਵੇ, ਤਾਂ ਉੱਥੇ ਦੋਭਾਸ਼ੀ ਵਿਅਕਤੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਦੋਭਾਸ਼ੀ ਕਰਮਚਾਰੀ ਰਿਸੈਪਸ਼ਨਿਸਟ, ਨਰਸਾਂ, ਪ੍ਰਸ਼ਾਸਨ ਅਧਿਕਾਰੀ, ਮਾਰਕੀਟਿੰਗ ਪੇਸ਼ੇਵਰ, ਟੂਰ ਗਾਈਡ ਅਤੇ ਹੋਰ ਬਹੁਤ ਕੁੱਝ ਵਜੋਂ ਕੰਮ ਕਰਦੇ ਹਨ। ਦੋ ਭਾਸ਼ਾਵਾਂ ਬੋਲਣ ਦੀ ਉਨ੍ਹਾਂ ਦੀ ਸਮਰੱਥਾ ਭਾਈਚਾਰਕ ਸੰਚਾਰ ਨੂੰ ਬਿਹਤਰ ਬਣਾਉਂਦੀ ਹੈ।
ਸਿਹਤ ਸੰਭਾਲ ਖੇਤਰ ਵਿੱਚ, ਜਿਹੜੇ ਦੋਭਾਸ਼ੀ ਸਿਹਤ ਕਰਮਚਾਰੀ ਮਰੀਜ਼ ਦੇ ਸੱਭਿਆਚਾਰਕ ਪਿਛੋਕੜ ਤੋਂ ਹੁੰਦੇ ਹਨ, ਉਹ ਸੱਭਿਆਚਾਰਕ ਤੌਰ ‘ਤੇ ਢੁੱਕਵੀਂ ਦੇਖਭਾਲ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ, ਹੇਠਾਂ ਦਿੱਤੀਆਂ ਸਥਿਤੀਆਂ ਵਿੱਚ ਹਮੇਸ਼ਾ ਪੇਸ਼ੇਵਰ ਦੁਭਾਸ਼ੀਏ ਨੂੰ ਸ਼ਾਮਲ ਕਰੋ:
- ਜਦੋਂ ਇਸ ਵਿੱਚ ਸਹਿਮਤੀ ਲੈਣਾ ਸ਼ਾਮਲ ਹੋਵੇ
- ਜਦੋਂ ਰੋਗ ਦੀ ਪਛਾਣ, ਇਲਾਜ ਯੋਜਨਾਵਾਂ ਜਾਂ ਹੋਰ ਉੱਚ-ਖ਼ਤਰੇ ਜਾਂ ਭਾਵਨਾਤਮਕ ਸਥਿਤੀਆਂ ‘ਤੇ ਗੱਲਬਾਤ ਹੋ ਰਹੀ ਹੋਵੇ।
ਪੁੱਛਣ ਲਈ ਸਵਾਲ
ਪੇਸ਼ੇਵਰ ਦੁਭਾਸ਼ੀਏ ਅਤੇ ਦੋਭਾਸ਼ੀ ਵਿਅਕਤੀ ਵਿੱਚੋਂ ਚੁਣਦੇ ਸਮੇਂ, ਹੇਠਾਂ ਦਿੱਤੇ ਸਵਾਲਾਂ ‘ਤੇ ਵਿਚਾਰ ਕਰੋ:
- ਕੀ ਇਸ ਨਾਲ ਨੈਤਿਕ ਪ੍ਰਭਾਵ ਜੁੜੇ ਹਨ?
- ਕੀ ਗ਼ਲਤ ਜਾਣਕਾਰੀ ਸਮਝਣ ਦੇ ਗੰਭੀਰ ਨਕਾਰਾਤਮਕ ਸਿੱਟੇ ਨਿਕਲ ਸਕਦੇ ਹਨ?
- ਕੀ ਇਹ ਗੱਲਬਾਤ ਜਾਂ ਜਾਣਕਾਰੀ ਕਾਨੂੰਨੀ ਤੌਰ ‘ਤੇ ਲਾਗੂ ਹੋਣ ਯੋਗ ਹੈ?
- ਕੀ ਮੈਨੂੰ ਸਹਿਮਤੀ ਦੇਣ ਜਾਂ ਹਾਸਲ ਕਰਨ ਦੀ ਲੋੜ ਹੈ?