ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਗੁਣਵੱਤਾ ਦੀ ਜਾਂਚ: ਅਨੁਵਾਦਾਂ ਦੀ ਸਮੀਖਿਆ ਅਤੇ ਤਸਦੀਕ ਕਿਵੇਂ ਕਰਨੀ ਹੈ?

ਸ਼੍ਰੇਣੀ ਖ਼ਪਤਕਾਰ ਸਰੋਤ ਪ੍ਰਕਾਸ਼ਿਤ ਹੋਈ 21 ਜਨਵਰੀ 2026


ਜਦੋਂ ਤੁਸੀਂ ਉਨ੍ਹਾਂ ਭਾਸ਼ਾਵਾਂ ਵਿੱਚ ਕੀਤੇ ਅਨੁਵਾਦਾਂ ਦੀ ਸਮੀਖਿਆ ਕਰਨ ਲਈ ਜ਼ਿੰਮੇਵਾਰ ਹੁੰਦੇ ਹੋ ਜੋ ਤੁਸੀਂ ਆਪ ਨਹੀਂ ਬੋਲਦੇ ਹੋ, ਤਾਂ ਇਹ ਕੰਮ ਅਸੰਭਵ ਲੱਗ ਸਕਦਾ ਹੈ। ਖੁਸ਼ਕਿਸਮਤੀ ਨਾਲ, ਇੱਥੇ ਕੁੱਝ ਵਿਹਾਰਕ ਗੁਣਵੱਤਾ ਜਾਂਚ ਦੇ ਕਦਮ ਹਨ ਜੋ ਤੁਸੀਂ ਚੁੱਕ ਸਕਦੇ ਹੋ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੀ ਅਨੁਵਾਦਿਤ ਸਮੱਗਰੀ ਸਹੀ, ਪੇਸ਼ੇਵਰ ਅਤੇ ਉਦੇਸ਼ ਲਈ ਢੁੱਕਵੀਂ ਹੈ।

ਭਾਸ਼ਾ ਜਾਣੇ ਬਿਨਾਂ ਕੀਤੀਆਂ ਜਾ ਸਕਣ ਵਾਲੀਆਂ ਮੁੱਢਲੀਆਂ ਗੁਣਵੱਤਾ ਜਾਂਚਾਂ


ਭਾਵੇਂ ਤੁਸੀਂ ਅਨੁਵਾਦ ਕੀਤੀ ਜਾਣ ਵਾਲੀ ਨਿਸ਼ਾਨਾ ਭਾਸ਼ਾ ਵਿੱਚ ਨਿਪੁੰਨ ਨਾ ਵੀ ਹੋਵੋ, ਤਾਂ ਵੀ ਤੁਸੀਂ ਅਨੁਵਾਦ ਹੋ ਕੇ ਆਈ ਸਮੱਗਰੀ ਦੀ ਦਿੱਖ ਅਤੇ ਬਣਤਰ ਦੇ ਆਧਾਰ ‘ਤੇ ਸਮੀਖਿਆ ਕਰ ਸਕਦੇ ਹੋ:

ਅਨੁਵਾਦ ਹੋ ਕੇ ਆਈ ਸਮੱਗਰੀ ਦੀ ਲੰਬਾਈ ਦੀ ਤੁਲਨਾ ਕਰੋ

ਕੀ ਅਨੁਵਾਦ ਹੋ ਕੇ ਆਈ ਸਮੱਗਰੀ ਦੀ ਲੰਬਾਈ ਅਨੁਵਾਦ ਲਈ ਭੇਜੀ ਮੂਲ ਸਮੱਗਰੀ ਦੇ ਲਗਭਗ ਬਰਾਬਰ ਹੈ? ਹਾਲਾਂਕਿ ਕੁੱਝ ਭਾਸ਼ਾਵਾਂ ਵਿੱਚ ਇੱਕੋ ਅਰਥ ਦੱਸਣ ਲਈ ਵੱਧ ਜਾਂ ਘੱਟ ਸ਼ਬਦਾਂ ਦੀ ਲੋੜ ਹੋ ਸਕਦੀ ਹੈ, ਪਰ ਜੇ ਇਹ ਅੰਤਰ ਬਹੁਤ ਵੱਡਾ ਹੋਵੇ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਕੁੱਝ ਸਮੱਗਰੀ ਛੱਡੀ ਜਾਂ ਜੋੜੀ ਗਈ ਹੈ।

ਫਾਰਮੈਟਿੰਗ ਦੀ ਜਾਂਚ ਕਰੋ

ਕੀ ਪੈਰਿਆਂ, ਬੁਲੈੱਟ ਪੁਆਇੰਟਾਂ ਅਤੇ ਸਿਰਲੇਖਾਂ ਦੀ ਗਿਣਤੀ ਅਨੁਵਾਦ ਲਈ ਭੇਜੀ ਸਮੱਗਰੀ ਨਾਲ ਮੇਲ ਖਾਂਦੀ ਹੈ? ਕੀ ਅਨੁਵਾਦ ਕੀਤੀ ਗਈ ਲਿਖਤੀ ਸਮੱਗਰੀ ਸਹੀ ਥਾਵਾਂ ‘ਤੇ ਦਿਖਾਈ ਦੇ ਰਹੀ ਹੈ?

ਅੰਕਾਂ ਅਤੇ ਚਿੰਨ੍ਹਾਂ ਦੀ ਪੁਸ਼ਟੀ ਕਰੋ

ਇਹ ਪੁਸ਼ਟੀ ਕਰੋ ਕਿ ਅੰਕ ਅਸਲੀ ਲਿਖਤੀ ਸਮੱਗਰੀ ਨਾਲ ਮੇਲ ਖਾਂਦੇ ਹਨ। ਨਾਲ ਹੀ, ਚਿੰਨ੍ਹਾਂ ਅਤੇ ਵਿਰਾਮ-ਚਿੰਨ੍ਹਾਂ ਦੀ ਵੀ ਜਾਂਚ ਕਰੋ, ਇਹ ਧਿਆਨ ਵਿੱਚ ਰੱਖਦੇ ਹੋਏ ਕਿ ਵੱਖ-ਵੱਖ ਭਾਸ਼ਾਵਾਂ ਵਿੱਚ ਉਹਨਾਂ ਦੀ ਵਰਤੋਂ ਵੱਖ-ਵੱਖ ਹੋ ਸਕਦੀ ਹੈ।

ਟਾਈਪਿੰਗ ਵਿੱਚ ਹੋਈਆਂ ਗ਼ਲਤੀਆਂ ਪਛਾਣੋ

ਅਜੀਬ ਅੱਖਰਾਂ ‘ਤੇ ਧਿਆਨ ਦਿਓ, ਜਿਵੇਂ ਕਿ ਡੱਬਿਆਂ ਵਿੱਚ ਦਿਖਾਈ ਦੇ ਰਹੇ ਪ੍ਰਸ਼ਨ ਚਿੰਨ੍ਹ ਜਾਂ ਗ਼ਲਤ ਥਾਂ ‘ਤੇ ਲੱਗੇ ਹੋਏ ਚਿੰਨ੍ਹ। ਇਹ ਤਕਨੀਕੀ ਸਮੱਸਿਆਵਾਂ ਜਾਂ ਟਾਈਪਿੰਗ ਗ਼ਲਤੀਆਂ ਦਾ ਸੰਕੇਤ ਹੋ ਸਕਦੇ ਹਨ।

ਧਿਆਨ ਦੇਣ ਯੋਗ ਚੇਤਾਵਨੀ ਸੰਕੇਤ


ਗੁਣਵੱਤਾ ਸੰਬੰਧੀ ਸਮੱਸਿਆਵਾਂ ਅਕਸਰ ਖ਼ਰਾਬ ਕੰਮ ਕਰਨ ਦੇ ਤਰੀਕਿਆਂ ਜਾਂ ਪੇਸ਼ੇਵਰਤਾ ਦੀ ਘਾਟ ਕਾਰਨ ਪੈਦਾ ਹੁੰਦੀਆਂ ਹਨ। ਇੱਥੇ ਕੁੱਝ ਚੇਤਾਵਨੀ ਸੰਕੇਤ ਦਿੱਤੇ ਗਏ ਹਨ:

ਯੋਗਤਾਹੀਣ ਅਨੁਵਾਦਕ (translators)

NAATI ਦੀ ਵੈੱਬਸਾਈਟ ਰਾਹੀਂ ਹਮੇਸ਼ਾ NAATI ਪ੍ਰਮਾਣੀਕਰਨ (NAATI credentials) ਦੀ ਪੁਸ਼ਟੀ ਕਰੋ । ਪ੍ਰਮਾਣੀਕਰਨ (certification) ਜਾਂ ਪੇਸ਼ੇਵਰ ਅਨੁਭਵ ਦੀ ਘਾਟ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ।

ਖ਼ਰਾਬ ਸੰਚਾਰ

ਅਨੁਵਾਦਕਾਂ ਨੂੰ ਸਮੇਂ ਸਿਰ ਜਵਾਬ ਦੇਣ ਵਾਲਾ ਅਤੇ ਫੀਡਬੈਕ ਲਈ ਖੁੱਲ੍ਹਾ ਹੋਣਾ ਚਾਹੀਦਾ ਹੈ। ਸਫ਼ਾਈ ਦੇਣ ਵਾਲਾ ਰਵੱਈਆ ਅਪਣਾਉਣਾ ਜਾਂ ਸੁਧਾਰ ਕਰਨ ਤੋਂ ਇਨਕਾਰ ਕਰਨਾ ਇੱਕ ਚੇਤਾਵਨੀ ਦਾ ਸੰਕੇਤ ਹੈ।

ਅਨੁਵਾਦ ਪੂਰਾ ਕਰਨ ਲਈ ਲਗਾਇਆ ਗਿਆ ਸਮਾਂ ਸ਼ੱਕੀ ਹੈ

ਇੱਕ ਬਹੁਤ ਵੱਡਾ ਕੰਮ (ਉਦਾਹਰਨ ਵਜੋਂ 160,000 ਸ਼ਬਦ) 24 ਘੰਟਿਆਂ ਵਿੱਚ ਪੂਰਾ ਕਰਨਾ ਵਿਸ਼ਵਾਸ ਕਰਨ ਵਾਲੀ ਗੱਲ ਨਹੀਂ ਹੈ, ਅਤੇ ਆਮ ਤੌਰ ‘ਤੇ ਇਹ ਮਾੜੀ ਗੁਣਵੱਤਾ ਜਾਂ ਬਿਨਾਂ ਸੰਪਾਦਨ ਕੀਤੇ ਮਸ਼ੀਨੀ ਅਨੁਵਾਦ ਦਾ ਸੰਕੇਤ ਹੁੰਦਾ ਹੈ।

ਗ਼ੈਰ-ਮਾਮੂਲੀ ਕੀਮਤ

ਜੇਕਰ ਰੇਟ ਤੁਹਾਨੂੰ ਮਿਲੀਆਂ ਹੋਰ ਸੰਭਾਵੀ ਕੀਮਤਾਂ ਨਾਲੋਂ ਬਿਨਾਂ ਕਿਸੇ ਵਜ੍ਹਾ ਦੇ ਬਹੁਤ ਘੱਟ ਜਾਂ ਬਹੁਤ ਵੱਧ ਹੋਣ, ਤਾਂ ਇਹ ਠੱਗੀ ਜਾਂ ਘੱਟ ਗੁਣਵੱਤਾ ਵਾਲੇ ਕੰਮ ਦਾ ਸੰਕੇਤ ਹੋ ਸਕਦੇ ਹਨ। ਵੱਧ ਰੇਟ ਕਈ ਵਾਰ ਉੱਚ ਪੱਧਰੀ NAATI ਪ੍ਰਮਾਣੀਕਰਨ, ਵਧੇਰੇ ਅਨੁਭਵ ਜਾਂ ਉੱਚ ਯੋਗਤਾਵਾਂ ਦੇ ਕਾਰਨ ਵਾਜਬ ਹੋ ਸਕਦੇ ਹਨ।

ਕੰਮ ਪੂਰਾ ਕਰ ਕੇ ਦੇਣ ਸੰਬੰਧੀ ਸਮੱਸਿਆਵਾਂ

ਕੀ ਅਨੁਵਾਦ ਸਹਿਮਤੀ ਹੋਏ ਰੂਪ ਵਿੱਚ ਅਤੇ ਸਮੇਂ ਸਿਰ ਦਿੱਤਾ ਗਿਆ ਸੀ? ਜੇਕਰ ਨਹੀਂ, ਤਾਂ ਕੀ ਦੇਰੀ ਬਾਰੇ ਸਪੱਸ਼ਟ ਤੌਰ ‘ਤੇ ਜਾਣਕਾਰੀ ਦਿੱਤੀ ਗਈ ਸੀ?

ਅਟਪਟੀ ਸ਼ਬਦਾਵਲੀ

ਜੇਕਰ ਤੁਸੀਂ ਜਾਂ ਤੁਹਾਡੇ ਜਾਣਕਾਰਾਂ ਵਿੱਚੋਂ ਕੋਈ ਅਨੁਵਾਦ ਕੀਤੀ ਹੋਈ ਭਾਸ਼ਾ ਪੜ੍ਹ ਸਕਦਾ ਹੈ, ਤਾਂ ਸ਼ਬਦ-ਜੋੜ, ਵਿਆਕਰਣ ਅਤੇ ਲਿਖਤ ਦੇ ਕੁਦਰਤੀ ਪ੍ਰਵਾਹ ਦੀ ਜਾਂਚ ਕਰੋ। ਬੇਢੰਗੇ ਵਾਕਾਂਸ਼ ਅਕਸਰ ਮਾੜੇ ਅਨੁਵਾਦ ਦਾ ਸੰਕੇਤ ਹੁੰਦੇ ਹਨ।

ਦੂਜੀ ਰਾਏ ਕਦੋਂ ਲੈਣੀ ਚਾਹੀਦੀ ਹੈ?

ਜੇਕਰ ਕੁੱਝ ਗ਼ਲਤ ਮਹਿਸੂਸ ਹੁੰਦਾ ਹੈ, ਤਾਂ ਅਨੁਵਾਦ ਦੀ ਸਮੀਖਿਆ ਕਰਨ ਲਈ ਕਿਸੇ ਦੂਜੇ ਅਨੁਵਾਦਕ ਤੋਂ ਰਾਏ ਲਵੋ।

ਹੇਠਾਂ ਦਿੱਤੀ ਸਮੱਗਰੀ ਲਈ ਹਮੇਸ਼ਾਂ ਦੂਜੀ ਸਮੀਖਿਆ ਕਰਵਾਉਣੀ ਚਾਹੀਦੀ ਹੈ:

  • ਕਾਨੂੰਨੀ ਦਸਤਾਵੇਜ਼ਾਂ ਲਈ
  • ਜਨਤਕ ਸੰਚਾਰ ਸਮੱਗਰੀ ਲਈ
  • ਸਿਹਤ ਜਾਣਕਾਰੀ ਲਈ
  • ਸੁਰੱਖਿਆ ਨਿਯਮਾਵਲੀਆਂ ਲਈ
  • ਕਿਸੇ ਵੀ ਅਜਿਹੀ ਸਮੱਗਰੀ ਲਈ, ਜਿਸ ਵਿੱਚ ਸ਼ੁੱਧਤਾ ਦੀ ਲੋੜ ਹੋਵੇ
  • ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਮਸ਼ੀਨੀ ਅਨੁਵਾਦ ਟੂਲਾਂ ਰਾਹੀਂ ਤਿਆਰ ਕੀਤੇ ਜਾਂ ਸਹਾਇਤਾ ਨਾਲ ਬਣਾਏ ਗਏ ਅਨੁਵਾਦ ਲਈ

ਮੁੱਕਦੀ ਗੱਲ


ਭਾਵੇਂ ਤੁਸੀਂ ਆਪਣੇ ਆਪ ਕੁੱਝ ਉੱਪਰੀ ਪੱਧਰ ਦੀਆਂ ਗ਼ਲਤੀਆਂ ਨੂੰ ਪਛਾਣ ਸਕਦੇ ਹੋ, ਪਰ ਸਿਰਫ਼ ਇੱਕ ਪ੍ਰਮਾਣਿਤ ਅਨੁਵਾਦਕ (certified translator) ਹੀ ਇਹ ਯਕੀਨੀ ਬਣਾ ਸਕਦਾ ਹੈ ਕਿ ਅਨੁਵਾਦ ਸਹੀ, ਕੁਦਰਤੀ ਅਤੇ ਤੁਹਾਡੇ ਉਦੇਸ਼ ਲਈ ਢੁੱਕਵਾਂ ਹੈ। ਜੇਕਰ ਕੋਈ ਵੀ ਸੰਦੇਹ ਹੋਵੇ, ਤਾਂ ਹਮੇਸ਼ਾ ਦੂਜੇ ਅਨੁਵਾਦਕ ਵੱਲੋਂ ਤਸਦੀਕ ਕਰਵਾਓ।

ਕੀ ਇਹ ਪੰਨਾ ਮਦਦਗਾਰ ਸੀ?(ਲਾਜ਼ਮੀ ਚਾਹੀਦਾ ਹੈ)

ਤੁਹਾਡੀ ਫੀਡਬੈਕ ਇਸ ਪੰਨੇ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ, NAATI ਇਸ ਫੀਡਬੈਕ ਦੀ ਵਰਤੋਂ ਸਾਡੀ ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ।

ਜੇਕਰ ਤੁਹਾਨੂੰ ਜਵਾਬ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਸੰਪਰਕਫਾਰਮ ਦੀ ਵਰਤੋਂ ਕਰੋ।

This site is registered on wpml.org as a development site. Switch to a production site key to remove this banner.