ਅਨੁਵਾਦ ਅਤੇ ਦੁਭਾਸ਼ੀਆ ਸੇਵਾ ਦੇ ਖ਼ਰਚਿਆਂ ਨੂੰ ਸਮਝਣਾ
ਇਸ ਸਵਾਲ ਦਾ ਕੋਈ ਇੱਕੋ ਜਵਾਬ ਨਹੀਂ ਕਿ “ਇਸ ਕੰਮ ਦੀ ਲਾਗਤ ਕਿੰਨੀ ਹੋਵੇਗੀ?” ਹਰ ਕੰਮ ਦੀ ਕੀਮਤ ਵੱਖ-ਵੱਖ ਗੱਲਾਂ ਜਿਵੇਂ ਕਿ ਲੋੜੀਂਦੀ ਸੇਵਾ ਦੀ ਕਿਸਮ, ਅਨੁਵਾਦਕ ਜਾਂ ਦੁਭਾਸ਼ੀਏ ਦਾ ਤਜਰਬਾ, ਅਤੇ ਗਾਹਕ ਦੀਆਂ ਜ਼ਰੂਰਤਾਂ ’ਤੇ ਨਿਰਭਰ ਕਰਦੀ ਹੈ। ਆਮ ਤੌਰ ’ਤੇ, ਪੇਸ਼ੇਵਰ ਅਨੁਵਾਦਕ ਅਤੇ ਦੁਭਾਸ਼ੀਏ (practitioner) ਆਪਣੀਆਂ ਕੀਮਤਾਂ ਇਸ ਤਰ੍ਹਾਂ ਤੈਅ ਕਰਦੇ ਹਨ ਕਿ ਉਹ ਢੁੱਕਵੀਂ ਆਮਦਨ ਕਮਾ ਸਕਣ ਅਤੇ ਨਾਲ ਹੀ ਉੱਚ ਗੁਣਵੱਤਾ ਵਾਲੀ ਸੇਵਾ ਪ੍ਰਦਾਨ ਕਰ ਸਕਣ।
ਇਸ ਲੇਖ ਵਿੱਚ ਉਨ੍ਹਾਂ ਕੁੱਝ ਮੁੱਖ ਕਾਰਨਾਂ ਬਾਰੇ ਦੱਸਿਆ ਗਿਆ ਹੈ ਜੋ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਦੀ ਕੀਮਤ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਕਾਰਨਾਂ ਨੂੰ ਸਮਝ ਕੇ, ਤੁਸੀਂ ਸੋਚ-ਵਿਚਾਰ ਕੇ ਫ਼ੈਸਲਾ ਕਰ ਸਕਦੇ ਹੋ ਅਤੇ ਆਪਣੇ ਬਜਟ ਦੀ ਸਹੀ ਯੋਜਨਾ ਬਣਾ ਸਕਦੇ ਹੋ।
ਕੀਮਤਾਂ ਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਕਈ ਥਾਵਾਂ ਤੋਂ ਭਾਅ ਪੁੱਛੋ, ਤਾਂ ਜੋ ਤੁਸੀਂ ਕੀਮਤਾਂ ਦੀ ਤੁਲਨਾ ਕਰ ਸਕੋ ਅਤੇ ਇਹ ਵੀ ਵੇਖ ਸਕੋ ਕਿ ਹਰ ਦੱਸੇ ਗਏ ਭਾਅ ਵਿੱਚ ਕੀ ਸ਼ਾਮਲ ਹੈ।
ਕੀਮਤ ਕਿਵੇਂ ਤੈਅ ਕੀਤੀ ਜਾਂਦੀ ਹੈ?
ਅਨੁਵਾਦਕ (translators) ਅਤੇ ਦੁਭਾਸ਼ੀਏ (interpreters) ਆਮ ਤੌਰ ‘ਤੇ ਫ੍ਰੀਲਾਂਸਰਾਂ (ਸਵੈ-ਰੁਜ਼ਗਾਰਦਾਤਾਵਾਂ) ਵਜੋਂ ਕੰਮ ਕਰਦੇ ਹਨ, ਜਾਂ ਭਾਸ਼ਾ ਸੇਵਾ ਪ੍ਰਦਾਤਾਵਾਂ (language service providers, LSPs) ਨਾਲ ਕੰਮ ਕਰਦੇ ਹਨ। ਆਮ ਤੌਰ ‘ਤੇ, LSPs ਦੇ ਉੱਪਰਲੇ ਕਾਰੋਬਾਰੀ ਖ਼ਰਚੇ ਵੱਧ ਹੁੰਦੇ ਹਨ, ਜਦੋਂ ਕਿ ਫ੍ਰੀਲਾਂਸਰ ਆਪਣੇ ਖ਼ਰਚਿਆਂ ਦਾ ਆਪ ਪ੍ਰਬੰਧ ਕਰਦੇ ਹਨ।
ਕੀਮਤਾਂ ਨੂੰ ਹੇਠ ਲਿਖੇ ਕਾਰਨ ਪ੍ਰਭਾਵਿਤ ਕਰਦੇ ਹਨ:
- ਸੇਵਾ ਦੀ ਕਿਸਮ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕਿੰਨੇ ਅਨੁਵਾਦਕ ਜਾਂ ਦੁਭਾਸ਼ੀਏ ਸ਼ਾਮਲ ਹਨ
- ਵਿਸ਼ੇ ਦੀ ਗੁੰਝਲਤਾ, ਜਿਸ ਵਿੱਚ ਤਿਆਰੀ ਕਰਨ ਜਾਂ ਸੇਵਾ ਦੇਣ ਲਈ ਖੋਜ ਕਰਨ ਲਈ ਲੱਗਣ ਵਾਲਾ ਸਮਾਂ ਵੀ ਸ਼ਾਮਲ ਹੈ
- NAATI ਪ੍ਰਮਾਣਿਕਤਾ (NAATI certification) ਦਾ ਪੱਧਰ
- ਸਿਖਲਾਈ ਅਤੇ ਤਜ਼ਰਬਾ
- ਸੇਵਾ ਪੂਰੀ ਕਰਨ ਲਈ ਦਿੱਤਾ ਗਿਆ ਸਮਾਂ, ਕੰਮਕਾਜੀ ਘੰਟਿਆਂ ਤੋਂ ਬਾਅਦ ਦਾ ਕੰਮ ਜਾਂ ਤੁਰੰਤ ਸੇਵਾ
- ਕਿਸੇ ਸਥਾਨ ‘ਤੇ ਪਹੁੰਚ ਕੇ ਕੀਤੇ ਜਾਣ ਵਾਲੇ ਕੰਮ ਲਈ ਯਾਤਰਾ ਦੇ ਖ਼ਰਚੇ।
ਸੇਵਾਵਾਂ ਦੀਆਂ ਕਿਸਮਾਂ ਅਤੇ ਕੀਮਤਾਂ ਦੇ ਢਾਂਚੇ
ਵੱਖ-ਵੱਖ ਸੇਵਾਵਾਂ ਲਈ ਕੀਮਤਾਂ ਦੇ ਢਾਂਚੇ ਵੀ ਵੱਖ-ਵੱਖ ਹੁੰਦੇ ਹਨ।
- ਅਨੁਵਾਦ ਸੇਵਾਵਾਂ ਲਈ ਆਮ ਤੌਰ ’ਤੇ ਪ੍ਰਤੀ ਦਸਤਾਵੇਜ਼, ਪ੍ਰਤੀ ਪੰਨਾ ਜਾਂ ਪ੍ਰਤੀ ਸ਼ਬਦ ਦੇ ਅਧਾਰ ’ਤੇ ਕੀਮਤ ਲਈ ਜਾਂਦੀ ਹੈ, ਪਰ ਕੁੱਝ ਮਾਮਲਿਆਂ ਵਿੱਚ, ਅਸਾਈਨਮੈਂਟ ਦੀ ਕਿਸਮ ਦੇ ਅਨੁਸਾਰ, ਪ੍ਰਤੀ ਘੰਟਾ ਦੇ ਹਿਸਾਬ ਨਾਲ ਵੀ ਕੀਮਤ ਲਈ ਜਾ ਸਕਦੀ ਹੈ।
- ਦੁਭਾਸ਼ੀਆ ਸੇਵਾਵਾਂ ਲਈ ਆਮ ਤੌਰ ’ਤੇ ਪ੍ਰਤੀ ਘੰਟਾ, ਅੱਧੇ ਦਿਨ ਜਾਂ ਪੂਰੇ ਦਿਨ ਦੇ ਹਿਸਾਬ ਨਾਲ ਕੀਮਤ ਲਈ ਜਾ ਸਕਦੀ ਹਨ। ਦੁਭਾਸ਼ੀਏ ਦੀਆਂ ਕੀਮਤਾਂ ਵਿੱਚ ਤਿਆਰੀ ਲਈ ਲੱਗਣ ਵਾਲਾ ਸਮਾਂ ਅਤੇ ਯਾਤਰਾ ਦੇ ਖ਼ਰਚੇ ਵੀ ਸ਼ਾਮਲ ਹੋ ਸਕਦੇ ਹਨ।
ਅਨੁਵਾਦ ਦੀ ਕੀਮਤ
- ਮਿਆਰੀ ਦਸਤਾਵੇਜ਼ਾਂ ਦਾ ਅਨੁਵਾਦ (ਜਿਵੇਂ ਕਿ ਜਨਮ ਸਰਟੀਫਿਕੇਟ ਜਾਂ ਡਰਾਈਵਰ ਲਾਇਸੈਂਸ): ਆਮ ਤੌਰ ’ਤੇ ਪ੍ਰਤੀ ਪੰਨਾ ਜਾਂ ਪ੍ਰਤੀ ਦਸਤਾਵੇਜ਼ ਦੇ ਅਧਾਰ ’ਤੇ ਕੀਮਤ ਲਈ ਜਾਂਦੀ ਹੈ। ਇਹ ਪੂਰਾ ਅਨੁਵਾਦ ਵੀ ਹੋ ਸਕਦਾ ਹੈ ਜਾਂ ਸਿਰਫ਼ ਮੁੱਖ ਹਿੱਸਿਆਂ ਦਾ ਸੰਖੇਪ ਅਨੁਵਾਦ (ਐਬਸਟਰੈਕਟ ਅਨੁਵਾਦ) ਵੀ ਹੋ ਸਕਦਾ ਹੈ।
- ਆਮ ਅਨੁਵਾਦ: ਅਕਸਰ ਪ੍ਰਤੀ ਸ਼ਬਦ ਦੇ ਅਧਾਰ ’ਤੇ ਕੀਮਤ ਲਈ ਜਾਂਦੀ ਹੈ, ਅਤੇ ਛੋਟੇ ਕੰਮਾਂ ਲਈ ਘੱਟੋ-ਘੱਟ ਮਿਆਰੀ ਫ਼ੀਸ ਲਾਗੂ ਹੋ ਸਕਦੀ ਹੈ।
- ਮਾਹਰ ਕੰਮ (ਜਿਵੇਂ ਕਿ ਕਾਨੂੰਨੀ, ਡਾਕਟਰੀ ਜਾਂ ਸਾਹਿਤਕ ਅਨੁਵਾਦ): ਇਸ ਕਿਸਮ ਦੇ ਕੰਮ ਲਈ ਵੱਧ ਕੀਮਤ ਲੱਗ ਸਕਦੀ ਹੈ, ਕਿਉਂਕਿ ਇਸ ਵਿੱਚ ਖ਼ਾਸ ਤਜਰਬੇ ਅਤੇ ਗਿਆਨ ਦੀ ਲੋੜ ਹੁੰਦੀ ਹੈ। ਇਸ ਵਿੱਚ ਵਾਧੂ ਗੁਣਵੱਤਾ ਜਾਂਚ ਦੇ ਖ਼ਰਚੇ ਵੀ ਸ਼ਾਮਲ ਹੋ ਸਕਦੇ ਹਨ।
- ਮਸ਼ੀਨੀ ਅਨੁਵਾਦ ਦਾ ਸੰਪਾਦਨ: ਸ਼ੁੱਧਤਾ ਲਈ ਮਸ਼ੀਨ ਵੱਲੋਂ ਤਿਆਰ ਕੀਤੇ ਅਨੁਵਾਦ ਦਾ ਸੰਪਾਦਨ ਕੀਤਾ ਜਾਂਦਾ ਹੈ। ਇਸ ਲਈ ਅਨੁਵਾਦਕ ਪ੍ਰਤੀ ਸ਼ਬਦ ਜਾਂ ਪ੍ਰਤੀ ਘੰਟੇ ਦੇ ਹਿਸਾਬ ’ਤੇ ਫ਼ੀਸ ਲੈ ਸਕਦੇ ਹਨ, ਜੋ ਕਿ ਮਸ਼ੀਨ ਅਨੁਵਾਦ ਦੀ ਗੁਣਵੱਤਾ ’ਤੇ ਨਿਰਭਰ ਕਰਦੀ ਹੈ।
ਦੁਭਾਸ਼ੀਆ ਸੇਵਾ ਦੀ ਕੀਮਤ
- ਦੁਭਾਸ਼ੀਆ ਸੇਵਾਵਾਂ: ਆਮ ਤੌਰ ’ਤੇ ਪ੍ਰਤੀ ਘੰਟਾ, ਅੱਧਾ ਦਿਨ ਜਾਂ ਪੂਰੇ ਦਿਨ ਦੇ ਹਿਸਾਬ ਨਾਲ ਕੀਮਤ ਲਈ ਜਾਂਦੀ ਹੈ। ਕੀਮਤਾਂ ਸੇਵਾ ਦੇ ਢੰਗ ’ਤੇ ਨਿਰਭਰ ਕਰਦੀਆਂ ਹਨ (ਜਿਵੇਂ ਵਾਰੋਂ-ਵਾਰੀ ਅਨੁਵਾਦ ਕਰਨਾ ਜਾਂ ਉਸੇ ਸਮੇਂ ਨਾਲੋਂ-ਨਾਲ ਅਨੁਵਾਦ ਕਰਨਾ, ਅਤੇ ਮੌਕੇ ’ਤੇ ਰੂ-ਬ-ਰੂ ਹੋ ਕੇ ਅਨੁਵਾਦ ਕਰਨਾ, ਜਾਂ ਰਿਮੋਟ ਸੇਵਾ ਰਾਹੀਂ ਅਨੁਵਾਦ ਕਰਨਾ)।
- ਕਾਨਫਰੰਸ ਜਾਂ ਔਸਲਾਨ ਦੁਭਾਸ਼ੀਆ ਸੇਵਾ: ਅਕਸਰ ਦੋ ਦੁਭਾਸ਼ੀਆਂ ਦੀ ਲੋੜ ਹੁੰਦੀ ਹੈ, ਖ਼ਾਸ ਕਰਕੇ ਲੰਬੀਆਂ ਅਸਾਈਨਮੈਂਟਾਂ ਲਈ।
- ਕਾਨਫਰੰਸ ਦੁਭਾਸ਼ੀਆ ਸੇਵਾ (Conference interpreting): ਕਈ ਵਾਰ ਵਿਸ਼ੇਸ਼ ਤਕਨੀਕੀ ਉਪਕਰਨਾਂ ਦੀ ਲੋੜ ਹੋ ਸਕਦੀ ਹੈ।
- ਘੱਟੋ-ਘੱਟ ਬੁਕਿੰਗ ਅਤੇ ਰੱਦ ਕਰਨਾ: ਦੁਭਾਸ਼ੀਏ ਅਕਸਰ ਛੋਟੀਆਂ ਨੌਕਰੀਆਂ ਲਈ ਵੀ ਘੱਟੋ-ਘੱਟ ਬੁਕਿੰਗ ਫ਼ੀਸ (ਉਦਾਹਰਨ ਵਜੋਂ, 2-3 ਘੰਟੇ) ਲੈਂਦੇ ਹਨ। ਜੇਕਰ ਬੁਕਿੰਗ ਥੋੜ੍ਹੇ ਸਮੇਂ ਦੇ ਨੋਟਿਸ ‘ਤੇ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਉਹ ਰੱਦ ਕਰਨ ਦੀ ਫ਼ੀਸ ਵੀ ਲੈ ਸਕਦੇ ਹਨ।
ਕੋਟ ਮੰਗਦੇ (ਭਾਅ ਪੁੱਛਦੇ) ਸਮੇਂ ਕੀ ਪੁੱਛਣਾ ਚਾਹੀਦਾ ਹੈ?
ਅਚਾਨਕ ਖ਼ਰਚਿਆਂ ਤੋਂ ਬਚਣ ਲਈ, ਹਮੇਸ਼ਾ ਇਨ੍ਹਾਂ ਗੱਲਾਂ ਦੀ ਪੁਸ਼ਟੀ ਕਰੋ:
- ਕੁੱਲ ਕੀਮਤ (ਜੇ ਲਾਗੂ ਹੋਵੇ ਤਾਂ GST ਸਮੇਤ)
- ਫ਼ੀਸ ਦੀ ਗਣਨਾ ਕਿਵੇਂ ਕੀਤੀ ਗਈ ਹੈ (ਪ੍ਰਤੀ ਸ਼ਬਦ, ਪ੍ਰਤੀ ਘੰਟਾ, ਜਾਂ ਪ੍ਰਤੀ ਦਸਤਾਵੇਜ਼ ਦੇ ਹਿਸਾਬ ਨਾਲ)
- ਕੰਮ ਪੂਰਾ ਕਰਨ ਲਈ ਲੱਗਣ ਵਾਲਾ ਅੰਦਾਜ਼ਨ ਸਮਾਂ
- ਕੀ ਅਨੁਵਾਦ ਦੀ ਕੀਮਤ ਵਿੱਚ ਗੁਣਵੱਤਾ ਜਾਂਚ ਸ਼ਾਮਲ ਹੈ?
- ਕੀ ਕੀਮਤ ਨੂੰ ਘੱਟ ਕਰਨ ਦਾ ਕੋਈ ਤਰੀਕਾ ਹੈ (ਜਿਵੇਂ, ਕੰਮ ਪੂਰਾ ਕਰਨ ਦੀ ਅੰਤਿਮ ਮਿਤੀ ਨੂੰ ਬਦਲ ਕੇ ਤੁਰੰਤ ਕੰਮ ਕਰਨ ਦੀ ਫ਼ੀਸ ਦੇਣ ਤੋਂ ਬਚਣਾ)?
ਤੁਹਾਡੀ ਬੇਨਤੀ ਜਿੰਨੀ ਸਪੱਸ਼ਟ ਅਤੇ ਵਿਸਥਾਰ ਨਾਲ ਹੋਵੇਗੀ, ਭਾਅ ਓਨ੍ਹਾਂ ਹੀ ਸਹੀ ਅਤੇ ਭਰੋਸੇਯੋਗ ਮਿਲੇਗਾ।