ਭਾਸ਼ਾ ਚੁਣੋ

ਇਹ ਵੈੱਬਸਾਈਟ ਤੁਹਾਡੀ ਚੁਣੀ ਹੋਈ ਭਾਸ਼ਾ ਵਿੱਚ ਦਿਖਾਈ ਦੇਵੇਗੀ।

ਦੁਭਾਸ਼ੀਏ ਨਾਲ ਹੋਣ ਵਾਲੀ ਐਪੋਇੰਟਮੈਂਟ ਜਾਂ ਮੀਟਿੰਗ ਲਈ ਤਿਆਰੀ

ਸ਼੍ਰੇਣੀ ਅਨੁਵਾਦਕਾਂ ਅਤੇ ਦੁਭਾਸ਼ੀਆਂ ਨਾਲ ਕੰਮ ਕਰਨਾ ਪ੍ਰਕਾਸ਼ਿਤ ਹੋਈ 14 ਜਨਵਰੀ 2026


ਚੰਗੀ ਤਿਆਰੀ ਦੁਭਾਸ਼ੀਏ (interpreter) ਦੀ ਸੇਵਾ ਵਾਲੀਆਂ ਐਪੋਇੰਟਮੈਂਟਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕਰਦੀ ਹੈ। ਪਹਿਲਾਂ ਤੋਂ ਯੋਜਨਾ ਬਣਾ ਕੇ ਅਤੇ ਆਪਣੇ ਦੁਭਾਸ਼ੀਏ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਕੇ, ਤੁਸੀਂ ਗ਼ਲਤਫਹਿਮੀਆਂ ਤੋਂ ਬਚ ਸਕਦੇ ਹੋ, ਸਮਾਂ ਬਚਾਅ ਸਕਦੇ ਹੋ ਅਤੇ ਸਾਰਿਆਂ ਲਈ ਇੱਕ ਪੇਸ਼ੇਵਰ ਮਾਹੌਲ ਬਣਾ ਸਕਦੇ ਹੋ।

ਜ਼ਰੂਰੀ ਵੇਰਵੇ ਪ੍ਰਦਾਨ ਕਰੋ

ਇਹ ਯਕੀਨੀ ਬਣਾਓ ਕਿ ਦੁਭਾਸ਼ੀਏ ਨੂੰ ਮੀਟਿੰਗ ਦੀ ਮਿਤੀ, ਸਮਾਂ, ਸਥਾਨ ਅਤੇ ਲੱਗਣ ਵਾਲੇ ਅਨੁਮਾਨਿਤ ਸਮੇਂ ਬਾਰੇ ਪਹਿਲਾਂ ਤੋਂ ਪਤਾ ਹੋਵੇ। ਇਸ ਵਿੱਚ ਪਹੁੰਚ ਸੰਬੰਧੀ ਵੇਰਵੇ ਵੀ ਸ਼ਾਮਲ ਕਰੋ, ਜਿਵੇਂ ਕਮਰਿਆਂ ਦੇ ਨੰਬਰ, ਇਮਾਰਤ ਵਿੱਚ ਦਾਖ਼ਲੇ ਦੀਆਂ ਹਦਾਇਤਾਂ ਜਾਂ ਰਿਮੋਟ ਮੀਟਿੰਗਾਂ ਲਈ ਲਿੰਕ। ਇਸ ਨਾਲ ਸੈਸ਼ਨ ਸਮੇਂ ‘ਤੇ ਸ਼ੁਰੂ ਹੋਣ ਅਤੇ ਸੁਚੱਜੇ ਢੰਗ ਨਾਲ ਚੱਲਣ ਵਿੱਚ ਮਦਦ ਮਿਲਦੀ ਹੈ।

ਦੁਭਾਸ਼ੀਏ ਵੱਲੋਂ ਅਨੁਵਾਦ ਕੀਤੇ ਜਾਣ ਦਾ ਸਹੀ ਤਰੀਕਾ ਚੁਣੋ

ਐਪੋਇੰਟਮੈਂਟ ਤੋਂ ਪਹਿਲਾਂ ਇਹ ਨਿਰਧਾਰਤ ਕਰੋ ਕਿ ਦੁਭਾਸ਼ੀਏ ਵੱਲੋਂ ਅਨੁਵਾਦ ਕੀਤੇ ਜਾਣ ਲਈ ਕਿਹੜਾ ਤਰੀਕਾ ਵਰਤਿਆ ਜਾਵੇਗਾ, ਕਿਉਂਕਿ ਇਸ ਨਾਲ ਸਮਾਂ-ਸਾਰਣੀ ਅਤੇ ਪ੍ਰਬੰਧ ਪ੍ਰਭਾਵਿਤ ਹੁੰਦੇ ਹਨ।

ਦੁਭਾਸ਼ੀਏ ਵੱਲੋਂ ਵਾਰੋ-ਵਾਰੀ ਅਨੁਵਾਦ ਕੀਤਾ ਜਾਣਾ (Consecutive interpreting)

ਇਸ ਤਰੀਕੇ ਵਿੱਚ ਦੁਭਾਸ਼ੀਆ ਬੋਲ ਰਹੇ ਵਿਅਕਤੀ ਦੇ ਰੁਕਣ ਤੋਂ ਬਾਅਦ ਕਹੀ ਗਈ ਗੱਲ ਦਾ ਅਨੁਵਾਦ ਕਰਦਾ ਹੈ। ਇਹ ਤਰੀਕਾ ਆਮ ਤੌਰ ‘ਤੇ ਐਪੋਇੰਟਮੈਂਟਾਂ ਜਾਂ ਛੋਟੀਆਂ ਮੀਟਿੰਗਾਂ ਵਿੱਚ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਦਾ ਸੈਸ਼ਨ ਇੱਕ ਭਾਸ਼ਾ ਵਿੱਚ ਹੋਣ ਵਾਲੀ ਗੱਲਬਾਤ ਨਾਲੋਂ ਲੱਗਭਗ ਦੁੱਗਣਾ ਸਮਾਂ ਲਵੇਗਾ, ਇਸ ਲਈ ਆਪਣੀ ਸਮਾਂ-ਸਾਰਣੀ ਵਿੱਚ ਵਾਧੂ ਸਮਾਂ ਰੱਖੋ।

ਦੁਭਾਸ਼ੀਏ ਵੱਲੋਂ ਉਸੇ ਸਮੇਂ ਨਾਲੋ-ਨਾਲ ਅਨੁਵਾਦ ਕੀਤਾ ਜਾਣਾ (Simultaneous interpreting)

ਇਸ ਤਰੀਕੇ ਵਿੱਚ ਦੁਭਾਸ਼ੀਆ ਉਸੇ ਸਮੇਂ, ਬੋਲਣ ਵਾਲੇ ਦੇ ਨਾਲ-ਨਾਲ ਅਨੁਵਾਦ ਕਰਦਾ ਹੈ, ਆਮ ਤੌਰ ‘ਤੇ ਇਸ ਲਈ ਹੈੱਡਸੈੱਟ ਜਾਂ ਦੁਭਾਸ਼ੀਏ ਦੇ ਬੂਥ ਵਰਗੇ ਵਿਸ਼ੇਸ਼ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤਰੀਕਾ ਵੱਡੀਆਂ ਮੀਟਿੰਗਾਂ, ਕਾਨਫਰੰਸਾਂ ਜਾਂ ਸਮੂਹਿਕ ਚਰਚਾਵਾਂ ਲਈ ਸਭ ਤੋਂ ਵਧੀਆ ਹੁੰਦਾ ਹੈ, ਜਿੱਥੇ ਗੱਲਬਾਤ ਦਾ ਪ੍ਰਵਾਹ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। ਕਿਉਂਕਿ ਇਹ ਮਾਨਸਿਕ ਤੌਰ ‘ਤੇ ਥਕਾਉਣ ਵਾਲਾ ਕੰਮ ਹੁੰਦਾ ਹੈ, ਇਸ ਲਈ ਅਨੁਵਾਦ ਦੀ ਸ਼ੁੱਧਤਾ ਬਣਾਈ ਰੱਖਣ ਅਤੇ ਥਕਾਵਟ ਤੋਂ ਬਚਣ ਲਈ ਘੱਟੋ-ਘੱਟ ਦੋ ਦੁਭਾਸ਼ੀਏ ਹੋਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਜੋ ਵਾਰੀ-ਵਾਰੀ ਅਨੁਵਾਦ ਕਰ ਸਕਣ।

ਦੁਭਾਸ਼ੀਏ ਨੂੰ ਬੁੱਕ ਕਰਦੇ ਸਮੇਂ, ਇਹ ਪੁਸ਼ਟੀ ਕਰੋ ਕਿ ਦੁਭਾਸ਼ੀਏ ਵੱਲੋਂ ਅਨੁਵਾਦ ਕੀਤੇ ਜਾਣ ਦਾ ਕਿਹੜਾ ਤਰੀਕਾ ਵਰਤਿਆ ਜਾਵੇਗਾ, ਅਤੇ ਇਹ ਵੀ ਯਕੀਨੀ ਬਣਾਓ ਕਿ ਲੋੜੀਂਦੇ ਉਪਕਰਨ ਮੌਜੂਦ ਹਨ। ਜੇਕਰ ਤੁਹਾਨੂੰ ਇਸ ਬਾਰੇ ਕੁੱਝ ਖ਼ਾਸ ਜਾਣਕਾਰੀ ਨਹੀਂ ਹੈ, ਤਾਂ ਤੁਹਾਡਾ ਭਾਸ਼ਾ ਸੇਵਾ ਪ੍ਰਦਾਤਾ (Language Service Provider) ਜਾਂ ਦੁਭਾਸ਼ੀਆ ਤੁਹਾਨੂੰ ਅਨੁਵਾਦ ਕੀਤੇ ਜਾਣ ਦੇ ਸਭ ਤੋਂ ਵਧੀਆ ਤਰੀਕੇ ਬਾਰੇ ਸਲਾਹ ਦੇ ਸਕਦਾ ਹੈ।

ਦੁਭਾਸ਼ੀਏ ਨੂੰ ਬ੍ਰੀਫਿੰਗ (ਮੁੱਢਲੀ-ਜਾਣਕਾਰੀ) ਦਿਓ

ਜਦੋਂ ਵੀ ਸੰਭਵ ਹੋਵੇ, ਅਸਾਈਨਮੈਂਟ ਤੋਂ ਪਹਿਲਾਂ ਦੁਭਾਸ਼ੀਏ ਨੂੰ ਉਸ ਬਾਰੇ ਬ੍ਰੀਫ਼ਿੰਗ (ਲੋੜੀਂਦੀ ਜਾਣਕਾਰੀ) ਦਿਓ। ਬ੍ਰੀਫ਼ਿੰਗ ਦੌਰਾਨ ਤੁਸੀਂ ਉਸ ਮੀਟਿੰਗ ਦਾ ਉਦੇਸ਼, ਕੌਣ-ਕੌਣ ਮੌਜੂਦ ਹੋਵੇਗਾ ਅਤੇ ਉਹ ਮੁੱਖ ਜਾਣਕਾਰੀਆਂ ਸਾਂਝੀਆਂ ਕਰਦੇ ਹੋ ਜੋ ਦੁਭਾਸ਼ੀਏ ਨੂੰ ਪਤਾ ਹੋਣਾ ਜ਼ਰੂਰੀ ਹਨ। ਉਦਾਹਰਨ ਵਜੋਂ, ਦੁਭਾਸ਼ੀਏ ਨੂੰ ਦੱਸੋ ਕਿ ਕੀ ਮੀਟਿੰਗ ਭਾਵਨਾਤਮਕ, ਤਕਨੀਕੀ ਜਾਂ ਸੰਵੇਦਨਸ਼ੀਲ ਹੋਵੇਗੀ। ਇਹ ਉਹਨਾਂ ਨੂੰ ਸਹੀ ਸੁਰ ਅਤੇ ਸ਼ਬਦਾਵਲੀ ਚੁਣਨ ਵਿੱਚ ਮਦਦ ਕਰਦਾ ਹੈ।

ਕੋਈ ਵੀ ਤਕਨੀਕੀ ਭਾਸ਼ਾ, ਖੇਤਰ-ਮਾਹਰ ਸ਼ਬਦਾਵਲੀ ਜਾਂ ਖ਼ਾਸ ਪੇਸ਼ੇਵਰ ਸ਼ਬਦਾਵਲੀ ਹੋਣ ਦੀ ਸਥਿਤੀ ਵਿੱਚ ਇਨ੍ਹਾਂ ਨੂੰ ਪਹਿਲਾਂ ਤੋਂ ਦੁਭਾਸ਼ੀਏ ਨੂੰ ਦੱਸੋ, ਤਾਂ ਜੋ ਦੁਭਾਸ਼ੀਆ ਉਸਦਾ ਸਹੀ ਅਨੁਵਾਦ ਕਰਨ ਲਈ ਤਿਆਰੀ ਕਰ ਸਕੇ। ਸੈਸ਼ਨ ਤੋਂ ਪਹਿਲਾਂ ਹੋਈ ਇੱਕ ਛੋਟੀ ਜਿਹੀ ਗੱਲਬਾਤ ਵੀ ਸਮਾਂ ਬਚਾਅ ਸਕਦੀ ਹੈ, ਗ਼ਲਤਫਹਿਮੀਆਂ ਤੋਂ ਬਚਾਅ ਸਕਦੀ ਹੈ ਅਤੇ ਸੰਚਾਰ ਨੂੰ ਹੋਰ ਸੁਚੱਜਾ ਬਣਾਉਂਦੀ ਹੈ।

ਸਮੱਗਰੀ ਨੂੰ ਮਿਲਣੀ ਤੋਂ ਪਹਿਲਾਂ ਸਾਂਝੀ ਕਰੋ

ਜੇਕਰ ਸੰਭਵ ਹੋਵੇ, ਤਾਂ ਸੰਬੰਧਿਤ ਸਮੱਗਰੀ ਜਾਂ ਮੀਟਿੰਗ ਦਾ ਏਜੰਡਾ ਪਹਿਲਾਂ ਹੀ ਦੁਭਾਸ਼ੀਏ ਨਾਲ ਸਾਂਝਾ ਕਰੋ। ਇਹ ਦੁਭਾਸ਼ੀਏ ਨੂੰ ਸ਼ਬਦਾਵਲੀ ਤਿਆਰ ਕਰਨ ਅਤੇ ਸੰਦਰਭ ਨੂੰ ਸਮਝਣ ਵਿੱਚ ਮਦਦ ਕਰਦਾ ਹੈ। ਤੁਹਾਡੇ ਵੱਲੋਂ ਪ੍ਰਦਾਨ ਕੀਤੀ ਗਈ ਕੋਈ ਵੀ ਜਾਣਕਾਰੀ ਜਾਂ ਦਸਤਾਵੇਜ਼ ਗੁਪਤ ਰਹਿਣਗੇ ਕਿਉਂਕਿ ਦੁਭਾਸ਼ੀਏ ਆਚਾਰ ਸੰਹਿਤਾ ਦੇ ਨਿਯਮਾਂ ਦੁਆਰਾ ਬੰਨ੍ਹੇ ਹੁੰਦੇ ਹਨ, ਜੋ ਗੁਪਤਤਾ ਰੱਖਣ ਦੀ ਪਾਬੰਦੀ ਲਾਗੂ ਕਰਦੀ ਹੈ।

ਜੇਕਰ ਮੀਟਿੰਗ ਦੌਰਾਨ ਤੁਸੀਂ ਆਪਣੇ ਗਾਹਕ ਨਾਲ ਅਜਿਹੇ ਦਸਤਾਵੇਜ਼ ਸਾਂਝੇ ਕਰਨ ਵਾਲੇ ਹੋ, ਜੋ ਉਹਨਾਂ ਦੀ ਭਾਸ਼ਾ ਵਿੱਚ ਉਪਲਬਧ ਨਹੀਂ ਹਨ, ਤਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹ ਦਸਤਾਵੇਜ਼ ਦੁਭਾਸ਼ੀਏ ਨੂੰ ਪ੍ਰਦਾਨ ਕਰੋ। ਇਸ ਨਾਲ ਉਹਨਾਂ ਨੂੰ ਸਮੱਗਰੀ ਦੀ ਸਮੀਖਿਆ ਕਰਨ ਦਾ ਮੌਕਾ ਮਿਲਦਾ ਹੈ। ਕੁੱਝ ਮਾਮਲਿਆਂ ਵਿੱਚ, ਦੁਭਾਸ਼ੀਆ ਉਸ ਦਸਤਾਵੇਜ਼ ਦਾ ਸਾਈਟ ਅਨੁਵਾਦ (sight translation) ਵੀ ਕਰਨ ਦੇ ਯੋਗ ਹੋ ਸਕਦਾ ਹੈ। ਇਸਦਾ ਮਤਲਬ ਹੈ ਕਿ ਉਹ ਦਸਤਾਵੇਜ਼ ਨੂੰ ਪੜ੍ਹ ਕੇ ਉਸਦਾ ਅਨੁਵਾਦ ਉੱਚੀ ਆਵਾਜ਼ ਵਿੱਚ ਦੂਜੀ ਭਾਸ਼ਾ ਵਿੱਚ ਕਰਦਾ ਹੈ।

ਦੁਭਾਸ਼ੀਏ ਦੀ ਜਾਣ-ਪਛਾਣ ਕਰਾਓ

ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ, ਦੁਭਾਸ਼ੀਏ ਦੀ ਜਾਣ-ਪਛਾਣ ਕਰਵਾਓ ਅਤੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਉਨ੍ਹਾਂ ਦੀ ਭੂਮਿਕਾ ਬਾਰੇ ਸਮਝਾਓ। ਦੁਭਾਸ਼ੀਏ ਸਾਰੀਆਂ ਧਿਰਾਂ ਵਿਚਕਾਰ ਗੱਲਬਾਤ ਹੋਣ ਨੂੰ ਸੰਭਵ ਬਣਾਉਂਦਾ ਹੈ, ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਇੱਕ ਭਾਸ਼ਾ ਵਿੱਚ ਕਹੀ ਗਈ ਹਰ ਗੱਲ ਦੂਜੀ ਭਾਸ਼ਾ ਵਿੱਚ ਸਹੀ ਤਰੀਕੇ ਨਾਲ ਪਹੁੰਚਾਈ ਗਈ ਹੈ। ਉਹ ਆਪਣੇ ਵੱਲੋਂ ਕੋਈ ਜਾਣਕਾਰੀ ਨਾ ਹੀ ਜੋੜਦੇ ਹਨ, ਨਾ ਹੀ ਛੱਡਦੇ ਜਾਂ ਬਦਲਦੇ ਹਨ, ਅਤੇ ਉਹ ਨਾ ਹੀ ਆਪਣੀ ਰਾਏ, ਸਲਾਹ ਜਾਂ ਸਪੱਸ਼ਟੀਕਰਨ ਦਿੰਦੇ ਹਨ।

ਤੁਸੀਂ ਇੱਕ ਸਧਾਰਨ ਵਾਕ ਨਾਲ ਸ਼ੁਰੂ ਕਰ ਸਕਦੇ ਹੋ, ਜਿਵੇਂ ਕਿ: “ਇਹ ਸਾਡਾ ਦੁਭਾਸ਼ੀਆ ਹੈ, ਜੋ ਅੱਜ ਸਾਨੂੰ ਆਪਸ ਵਿੱਚ ਗੱਲਬਾਤ ਕਰਨ ਵਿੱਚ ਮਦਦ ਕਰੇਗਾ। ਅਸੀਂ ਜੋ ਕੁੱਝ ਵੀ ਕਹਾਂਗੇ, ਉਸਦਾ ਸਹੀ ਅਨੁਵਾਦ ਕੀਤਾ ਜਾਵੇਗਾ ਅਤੇ ਗੁਪਤ ਰੱਖਿਆ ਜਾਵੇਗਾ।”

ਭਾਗੀਦਾਰਾਂ ਨੂੰ ਯਾਦ ਦਿਵਾਓ ਕਿ ਦੁਭਾਸ਼ੀਆ ਗੱਲਬਾਤ ਨੂੰ ਸਹਿਜ-ਸੁਭਾਅ ਬਣਾਈ ਰੱਖਣ ਲਈ ਪਹਿਲੇ ਨਾਂਵ ਵਿੱਚ (ਭਾਵ “ਮੈਂ”, “ਅਸੀਂ”) ਵਿੱਚ ਗੱਲ ਕਰੇਗਾ। ਸਾਰਿਆਂ ਨੂੰ ਸਿੱਧੇ ਇੱਕ ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ, ਦੁਭਾਸ਼ੀਏ ਨਾਲ ਨਹੀਂ, ਅਤੇ ਦੁਭਾਸ਼ੀਏ ਨੂੰ ਗੱਲ ਦਾ ਅਨੁਵਾਦ ਕਰਨ ਲਈ ਸਮਾਂ ਦੇਣਾ ਚਾਹੀਦਾ ਹੈ।

ਯਾਦ ਰੱਖਣ ਵਾਲੇ ਮੁੱਖ ਨੁਕਤੇ

  • ਦੁਭਾਸ਼ੀਏ ਵਾਲੇ ਸੈਸ਼ਨਾਂ ਲਈ ਵਾਧੂ ਸਮਾਂ ਰੱਖੋ
  • ਛੋਟੇ ਹਿੱਸਿਆਂ ਵਿੱਚ ਗੱਲ ਕਰੋ ਅਤੇ ਨਿਯਮਿਤ ਤੌਰ ‘ਤੇ ਰੁਕੋ
  • ਦੁਭਾਸ਼ੀਏ ਦੀ ਬਜਾਏ, ਆਪਣੇ ਗਾਹਕ ਨਾਲ ਅੱਖਾਂ ਦਾ ਸੰਪਰਕ ਬਣਾਈ ਰੱਖੋ
  • ਸਪੱਸ਼ਟ, ਅਤੇ ਸਰਲ ਭਾਸ਼ਾ ਦੀ ਵਰਤੋਂ ਕਰੋ
  • ਬੋਲ-ਕੁਬੋਲ ਵਾਲੀ ਬੋਲੀ, ਮੁਹਾਵਰੇ, ਜਾਂ ਗੁੰਝਲਦਾਰ ਤੁਲਨਾਵਾਂ ਕਰਨ ਤੋਂ ਗੁਰੇਜ਼ ਕਰੋ
  • ਸਬਰ ਰੱਖੋ, ਕੁੱਝ ਭਾਸ਼ਾਵਾਂ ਵਿੱਚ ਇੱਕੋ ਜਿਹੇ ਅਰਥ ਦੱਸਣ ਲਈ ਵੱਧ ਜਾਂ ਘੱਟ ਸ਼ਬਦਾਂ ਦੀ ਲੋੜ ਹੋ ਸਕਦੀ ਹੈ।

ਇਹ ਸਮਝਣਾ ਭਰੋਸਾ ਬਣਾਉਂਦਾ ਹੈ ਕਿ ਦੁਭਾਸ਼ੀਏ ਆਚਾਰ-ਸੰਹਿਤਾ ਦੀ ਪਾਲਣਾ ਕਰਦੇ ਹਨ, ਜਿਸ ਵਿੱਚ ਗੁਪਤਤਾ, ਨਿਰਪੱਖਤਾ ਅਤੇ ਸ਼ੁੱਧਤਾ ਰੱਖਣ ਦੀ ਸ਼ਰਤ ਸ਼ਾਮਲ ਹੁੰਦੀ ਹੈ, ਅਤੇ ਸੈਸ਼ਨ ਦੌਰਾਨ ਪੇਸ਼ਾਵਰ ਗੱਲਬਾਤ ਨੂੰ ਯਕੀਨੀ ਬਣਾਉਂਦਾ ਹੈ।

ਹੋਰ ਵਧੀਕ ਸਰੋਤ

ਦੁਭਾਸ਼ੀਏ ਨਾਲ ਕੰਮ ਕਰਨ ਬਾਰੇ ਵਧੇਰੇ ਜਾਣਕਾਰੀ ਲਈ, ਇੱਥੇ ਜਾਓ:

ਕੀ ਇਹ ਪੰਨਾ ਮਦਦਗਾਰ ਸੀ?(ਲਾਜ਼ਮੀ ਚਾਹੀਦਾ ਹੈ)

ਤੁਹਾਡੀ ਫੀਡਬੈਕ ਇਸ ਪੰਨੇ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ, NAATI ਇਸ ਫੀਡਬੈਕ ਦੀ ਵਰਤੋਂ ਸਾਡੀ ਵੈੱਬਸਾਈਟ ਨੂੰ ਬਿਹਤਰ ਬਣਾਉਣ ਲਈ ਕਰਦੀ ਹੈ।

ਜੇਕਰ ਤੁਹਾਨੂੰ ਜਵਾਬ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਡੇ ਸੰਪਰਕਫਾਰਮ ਦੀ ਵਰਤੋਂ ਕਰੋ।

This site is registered on wpml.org as a development site. Switch to a production site key to remove this banner.